ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ) ਵਿਆਹ ਹੋਣ ਤੋਂ ਬਾਦ ਐਸਾ ਕੱਦੂ 'ਚ ਤੀਰ ਵੱਜਾ ਕਿ ਡੇਢ ਮਹੀਨੇ ਦੇ ਵਕਫੇ 'ਚ ਹੀ ਇੰਗਲੈਂਡ ਲਈ ਪਰਮਾਨੈਂਟ ਸੈਟਲਮੈਂਟ ਵੀਜਾ ਮਿਲ ਗਿਆ। ਬੇਸ਼ੱਕ ਹਰ ਕਿਸੇ ਨੂੰ 'ਬਾਹਰ' ਜਾਣ ਦੀ ਕਾਹਲ ਲੱਗੀ ਹੋਈ ਹੈ ਪਰ ਇੱਕ ਸੱਚਾਈ ਦਿਲ ਦੀ ਨੁੱਕਰੇ ਤੜਪ ਰਹੀ ਸੀ, ਉਹ ਇਹ ਕਿ ਮੈਂ ਕਾਗਜਾਂ ਉੱਪਰ ਲੱਗੀਆਂ ਮੋਹਰਾਂ ਅੱਗੇ ਝੁਕਦਿਆਂ ਹੋਇਆਂ ਵੀ ਜਹਾਜ਼ ਵੱਲ ਨੱਕ ਕਰਨ ਨੂੰ ਤਿਆਰ ਨਹੀਂ ਸੀ।
16 ਫਰਵਰੀ 2008 ਦਾ ਦਿਨ ਆਇਆ ਤਾਂ 'ਆਪਣਿਆਂ' ਤੋਂ ਦੂਰ ਹੋਣ ਦਾ ਭੈਅ ਸਤਾਉਣ ਲੱਗਾ। ਅੰਤ ਨੂੰ ਮਨ ਤਕੜਾ ਜਿਹਾ ਕੀਤਾ ਪਰ ਘਰ ਦੇ ਬਾਕੀ ਜੀਆਂ ਦੀਆਂ ਅੱਖਾਂ 'ਚ ਆਏ ਹੰਝੂਆਂ ਨੇ ਮੈਨੂੰ ਵੀ ਰੋਣ ਲਈ ਮਜ਼ਬੂਰ ਕਰ ਦਿੱਤਾ। ਸ਼ਾਇਦ ਇਹ ਪ੍ਰਵਾਸੀ ਬਨਣ ਜਾ ਰਹੇ ਹਰ ਦਿਲ ਦੀ ਕਹਾਣੀ ਹੋਵੇ ਪਰ ਕਿਤਾਬਾਂ 'ਚ ਪੜ੍ਹਨ ਅਤੇ ਫਿਲਮਾਂ 'ਚ ਦੇਖਣ ਤੋਂ ਬਾਦ ਉਸੇ ਕਹਾਣੀ ਦਾ ਮੁੱਖ ਪਾਤਰ ਅੱਜ ਮੈਂ ਖੁਦ ਬਣਿਆ ਹੋਇਆ ਸੀ। 17 ਫਰਵਰੀ ਨੂੰ ਦਿੱਲੀ ਦੇ ਹਵਾਈ ਅੱਡੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਛੋਟੇ ਤੇ ਵੱਡੇ ਵੀਰ ਦੀਆਂ ਬੇਵੱਸ ਜਿਹੀਆਂ ਅੱਖਾਂ ਦੇਖਕੇ ਮਨ ਖੁਰ ਜਿਹਾ ਰਿਹਾ ਸੀ। ਪਿਛਲਿਆਂ ਦੀ ਯਾਦ ਨੂੰ ਪਲ ਦੋ ਪਲ ਭੁਲਾਉਣ ਲਈ ਉਡੀਕ ਕੁਰਸੀ ਤੇ ਬੈਠਾ ਹੀ ਸਾਂ ਕਿ ਸਮਾਨ ਦੇ ਭਾਰ ਬਾਰੇ ਪੁਛਦਾ ਪੁੱਛਦਾ ਇੱਕ ਲੁਧਿਆਣੇ ਵਾਲਾ ਬਾਬਾ ਮੇਰਾ ਯਾਰ ਬਣ ਬੈਠਾ। ਇੰਗਲੈਂਡ ਤੋਂ ਲੱਤ ਦਾ ਇਲਾਜ ਕਰਾਉਣ ਇੰਡੀਆ ਆਇਆ ਬਾਬਾ ਮੈਨੂੰ 'ਪੁੱਤਰ' ਕੀ ਕਹਿ ਬੈਠਾ ਕਿ ਬਸ ਦਿਲ ਮੋਮ ਬਣ ਗਿਆ।