ਜੋ ਗੁਜ਼ਰ ਗਏ ਦੀ ਗੱਲ ਹੋ ਗਏ
ਕਿਸੇ ਦੇ ਚਿੱਤ ਚੇਤੇ ਨਹੀਂ ਕਬੱਡੀ ਖੇਡ ਦੇ ਦਾਅ 'ਕੈਂਚੀ ' ਦਾ ਜਨਮਦਾਤਾ
-
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)
ਪਹਿਲਵਾਨੀ ਜਗਤ ਵਿੱਚ ਛਾਂਗੇ ਪਹਿਲਵਾਨ ਦੇ ਨਾਂ ਤੋਂ ਸ਼ਾਇਦ ਹਰ ਕੋਈ ਵਾਕਿਫ ਹੋਵੇਗਾ ਪਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਸਿਰ ਸਜੀ ਦਾਅ ਪੇਚਾਂ ਦੀ ਫੁਲਕਾਰੀ ਉੱਪਰ ਵੀ 'ਕੈਂਚੀ ' ਨਾਂ ਦਾ ਦਾਅ ਸਜਾਉਣ ਦਾ ਮਾਣ ਵੀ "ਛਾਂਗੇ ਹਠੂਰ" ਨਾਂ ਦੇ ਅੰਤਾਂ ਦੇ ਜੋਰਾਵਰ ਖਿਡਾਰੀ ਨੂੰ ਹੀ ਪ੍ਰਾਪਤ ਹੋਇਆ ਹੈ। ਪਰ ਅਫਸੋਸ ਕਿ ਉਕਤ ਛਾਂਗਾ ਸਮੇਂ ਸਮੇਂ ਦੀਆਂ ਸਰਕਾਰਾਂ ਦੀ ਨਿਗ੍ਹਾ ਚੜ੍ਹਨ ਦੀ ਬਜਾਏ ਜਵਾਨੀ ਪਹਿਰੇ ਖਿਡਾਰੀਆਂ ਅਤੇ ਬਿਰਧ ਵਰੇਸੇ ਗੁਰਬਤ ਦੇ 'ਕੈਂਚੀਆਂ' ਮਾਰਦਾ ਗੁੰਮਨਾਮੀ ਦੇ ਹਨੇਰਿਆਂ 'ਚ ਸਦਾ ਸਦਾ ਲਈ ਅਲੋਪ ਹੋ ਗਿਆ। ਅਸੀਂ ਪੰਜਾਬੀਆਂ ਦੀ ਅੰਤਰ-ਰਾਸ਼ਟਰੀ ਪੱਧਰ ਤੱਕ ਆਪਣਾ ਮੋਹ ਖਿਲਾਰੀ ਬੈਠੀ ਕੌਡੀ ਦੇ ਖਿਡਾਰੀ ਉਸ ਛਾਂਗੇ ਦਾ ਜਿਕਰ ਕਰ ਰਹੇ ਹਾਂ ਜਿਸਦੇ ਬਣਾਏ ਦਾਅ 'ਕੈਂਚੀ ' ਸਦਕਾ ਪੰਜਾਬ ਦੇ ਖਿਡਾਰੀ ਵਿਦੇਸ਼ਾਂ ਵਿੱਚ ਪ੍ਰਦਰਸ਼ਨ ਕਰਕੇ ਤੇ ਛਾਂਗੇ ਦੀਆਂ ਕੈਂਚੀਆਂ ਮਾਰ ਕੇ ਡਾਲਰਾਂ, ਪੌਂਡਾਂ ਨਾਲ ਮਾਲੋ ਮਾਲ ਹੋ ਕੇ ਪਰਤਦੇ ਹਨ।