ਮੈਲਬੌਰਨ- ਆਸਟਰੇਲੀਆ ਵਿਚ ਭਾਰਤੀ ਹਾਈ ਕਮਿਸ਼ਨਰ ਸੁਜਾਤਾ ਸਿੰਘ ਨੇ ਭਾਰਤੀਆਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਨੇ ਆਸਟਰੇਲੀਆ ਵਿਚ ਹੋ ਰਹੀਆਂ ਘਟਨਾਵਾਂ ‘ਤੇ ਨੇੜਲੀ ਨਜ਼ਰ ਰੱਖੀ ਹੋਈ ਹੈ ਅਤੇ ਕਿਹਾ ਕਿ ਉਹ ਆਪਣੇ ਅੰਦਰ ਕੁੱਝ ਬੁਰੇ ਤੱਤਾਂ ਦਾ ਪ੍ਰਵੇਸ਼ ਨਾ ਹੋਣ ਦੇਣ, ਨਹੀਂ ਤਾਂ ਭਾਰਤ-ਆਸਟਰੇਲੀਆ ਦੇ ਸਬੰਧਾਂ ‘ਤੇ ਬੁਰਾ ਅਸਰ ਪੈ ਸਕਦਾ ਹੈ। ਸੁਜਾਤਾ ਸਿੰਘ ਖਾਸ ਤੌਰ ‘ਤੇ ਉਸ ਗੁਰਦਵਾਰਾ ਸਾਹਿਬ ਵਿਖੇ ਗਏ ਜਿਥੇ ਹਾਲ ਹੀ ਵਿਚ ਹਮਲਾ ਹੋਇਆ ਸੀ। ਉਨ੍ਹਾਂ ਸਿੱਖ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਧਾਰਮਿਕ ਅਸਥਾਨ ਨੂੰ ਅੱਗ ਲਗਾਏ ਜਾਣ ਦੀ ਘਟਨਾ ਦੇ ਸਾਜਿਸ਼ਕਰਤਾਵਾਂ ਨੂੰ ਇਨਸਾਫ਼ ਦੇ ਕਟਹਿਰੇ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਭਾਰਤੀਆਂ ਦੀ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਰੋਜ਼ਾਨਾ ਕਾਫ਼ੀ ਸਮਾਂ ਸਬੰਧਤ ਆਸਟਰੇਲੀਆਈ ਅਧਿਕਾਰੀਆਂ ਨਾਲ ਸੰਪਰਕ ਵਿਚ ਰਹਿੰਦੇ ਹਨ। ਹਾਈ ਕਮਿਸ਼ਨਰ ਨੇ ਹਾਲ ਹੀ ਦੀਆਂ ਘਟਨਾਵਾਂ ਨੇ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਦੁਖੀ ਕੀਤਾ ਹੈ। ਸਹੀ ਸੋਚ ਰੱਖਣ ਵਾਲੇ ਸਾਰੇ ਲੋਕ ਅਜਿਹੀਆਂ ਘਟਨਾਵਾਂ ਦੀ ਸਖ਼ਤ ਨਿੰਦਾ ਕਰ ਰਹੇ ਹਨ।