|
Monday, 21 January 2008 |
ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਰਾਈ ਨੂੰ ਪਛਾਣਦਾ ਨਾ ਹੋਵੇ। ਛੋਟੀ-ਛੋਟੀ, ਗੋਲ-ਗੋਲ ਰਾਈ, ਲਾਲ ਤੇ ਕਾਲੇ ਦਾਨਿਆਂ ਵਿਚ ਅਕਸਰ ਮਿਲਦੀ ਹੈ। ਬਾਹਰਲੇ ਦੇਸ਼ਾਂ ਵਿੱਚ ਇਹ ਚਿੱਟੇ ਰੰਗ ਦੀ ਵੀ ਮਿਲਦੀ ਹੈ। ਰਾਈ ਦੇ ਦਾਣੇ ਸਰ੍ਹੌਂ ਦੇ ਦਾਣਿਆਂ ਨਾਲ ਕਾਫੀ ਮਿਲਦੇ ਹਨ। ਬੱਸ ਫਰਕ ਇੰਨਾ ਹੁੰਦਾ ਹੈ ਕਿ ਰਾਈ ਸਰ੍ਹੌਂ ਤੋਂ ਥੋੜ੍ਹੀ ਛੋਟੀ ਹੁੰਦੀ ਹੈ। ਇਹ ਗਰਮੀਆਂ ਦੀ ਰੁੱਤ ਵਿੱਚ ਪੱਕ ਕੇ ਤਿਆਰ ਹੁੰਦੀ ਹੈ। ਇਸ ਦੇ ਬੀਜਾਂ ਦਾ ਤੇਲ ਵੀ ਕੱਢਿਆ ਜਾਂਦਾ ਹੈ।
ਕੁਝ ਘਰੇਲੂ ਉਪਯੋਗ : ਰਾਈ ਰਸੋਈ ਦੇ ਮਸਾਲੇ ਦੇ ਰੂਪ ਵਿੱਚ ਕਾਫੀ ਅਹਿਮ ਹੈ ਜਿਸ ਦੀ ਵਰਤੋਂ ਦਾਲ, ਸਾਗ, ਰਾਇਤਾ, ਅਚਾਰ ਆਦਿ ਵਿੱਚ ਕੀਤੀ ਜਾਂਦੀ ਹੈ। ਦਾਲਾਂ, ਸਾਗ, ਸਬਜ਼ੀਆਂ ਤੇ ਰਾਇਤੇ ਵਿੱਚ ਇਸ ਦਾ ਤੜਕਾ ਵੀ ਲਗਾਇਆ ਜਾਂਦਾ ਹੈ। ਅਚਾਰ ਵਿੱਚ ਇਸ ਦੀ ਵਰਤੋਂ ਅਚਾਰ ਵਿੱਚ ਖੱਟਾਪਨ ਲਿਆਉਣ ਲਈ ਕੀਤੀ ਜਾਂਦੀ ਹੈ। ਰਾਈ ਨਾਲ ਬਣਨ ਵਾਲੇ ਤੇਲ ਨੂੰ ਔਸ਼ਧੀ ਦੇ ਰੂਪ ਵਿੱਚ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਰਾਈ ਦੇ ਦਾਣਿਆਂ ਨੂੰ ਸੱਟ, ਜਖਮ ਆਦਿ ਨੂੰ ਠੀਕ ਕਰਨ ਲਈ ਲਗਾਇਆ ਜਾ ਸਕਦਾ ਹੈ। ਇਸ ਦੇ ਲਈ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ।
ਔਸ਼ਧੀ ਦੇ ਰੂਪ ਵਿੱਚ ਰਾਈ ਦੀ ਵਰਤੋਂ : ਜੁਕਾਮ ਹੋਣ ‘ਤੇ ਰਾਈ ਨੂੰ ਸ਼ੋਹਦ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਸੁੰਘਣ ਨਾਲ ਤੁਰੰਤ ਰਾਹਤ ਮਿਲੇਗੀ। ਚਮੜੀ ਦਾ ਰੋਗ ਹੋਣ ‘ਤੇ ਰਾਈ ਨੂੰ ਸਿਰਕੇ ਵਿੱਚ ਪੀਸ ਕੇ ਉਸ ਜਗ੍ਹਾ ਲੇਪ ਲਗਾਓ। ਲਾਲ ਰਾਈ ਦਾ ਤੇਲ ਕੰਨ ਵਿੱਚ ਪਾਉਣ ਨਾਲ ਕੰਨ ਦਰਦ, ਕੰਨ ਵਿੱਚ ਫੋੜੇ ਫਿੰਸੀਆਂ ਆਦਿ ਘਟ ਜਾਂਦੇ ਹਨ। ਜੋੜਾਂ ਦਾ ਦਰਦ ਹੋਣ ‘ਤੇ ਰਾਈ ਦੇ ਤੇਲ ਵਿੱਚ ਕੁਝ ਦਿਨ ਲਗਾਤਾਰ ਮਾਲਿਸ਼ ਕਰਨ ਨਾਲ ਰਾਹਤ ਮਿਲਦੀ ਹੈ। ਉਂਝ ਕੋਈ ਵੀ ਘਰੇਲੂ ਨੁਸਖਾ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਜਰੂਰ ਕਰ ਲੈਣੀ ਚਾਹੀਦੀ ਹੈ। ਨਿਸ਼ਚਿਤ ਮਾਤਰਾ ਤੇ ਕਿੰਨੇ ਸਮੇਂ ਤੱਕ ਨੁਸਖੇ ਦੀ ਵਰਤੋ ਕਰਨੀ ਹੈ, ਪੁੱਛ ਲਓ।
|