|
ਇਸ ਵਾਰ ਵੀ ਬਾਦਲ ਦਾ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਤੈਅ! |
|
Tuesday, 29 January 2008 |
|
ਲੁਧਿਆਣਾ - ਸਿੱਖਾਂ ਦੀ ਸਭ ਤੋਂ ਵੱਡੀ ਰਾਜਸੀ ਪਾਰਟੀ ਵਜੋਂ ਜਾਣੀ ਜਾਂਦੀ ਸ੍ਰੋਮਣੀ ਅਕਾਲੀ ਦਲ ਜੋ 1920 ਨੂੰ ਹੋਂਦ ਵਿੱਚ ਆਈ ਸੀ। ਪੰਜਾਬ ਵਿੱਚ ਸਭ ਤੋਂ ਵੱਡੀ ਸਿੱਖਾਂ ਦੀ ਇਸ ਰਾਜਸੀ ਪਾਰਟੀ ਦੇ ਸਮੇਂ-ਸਮੇਂ ਸਿਰ ਕਈ ਘਾਗ ਅਕਾਲੀ ਆਗੂ ਇਸ ਦੇ ਪ੍ਰਧਾਨ ਰਹੇ ਪਰ 35 ਸਾਲ ਤੱਕ ਸ੍ਰੋਮਣੀ ਅਕਾਲੀ ਦਲ ਦੀ ਕੁਰਸੀ ‘ਤੇ ਲਗਾਤਾਰ ਮਾਸਟਰ ਤਾਰਾ ਸਿੰਘ ਕਾਬਜ਼ ਰਹੇ। ਉਸ ਤੋਂ ਬਾਅਦ ਜੇਕਰ ਕੋਈ ਨੇਤਾ ਇਸ ਕੁਰਸੀ ‘ਤੇ ਬਿਰਾਜਮਾਨ ਹੈ ਤਾਂ ਉਹ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ 1986 ਵਿੱਚ ਬਰਨਾਲਾ ਸਰਕਾਰ ਮੌਕੇ ਪੈਰਰਲ ‘ਤੇ ਸ੍ਰੋਮਣੀ ਅਕਾਲੀ ਦਲ ਬਾਦਲ ਬਣਾ ਕੇ ਪ੍ਰਧਾਨ ਬਣੇ ਸਨ, ਉਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਤੱਕ ਚੱਲੇ ਆ ਰਹੇ ਹਨ। ਇਸ ਸਮੇਂ ਉਨ੍ਹਾਂ ਨੇ ਪਹਿਲਾਂ ਵੀ 1997 ਤੋਂ ਲੈ ਕੇ 2002 ਤੱਕ ਰਾਜ ਭਾਗ ਕੀਤਾ ਅਤੇ ਹੁਣ ਵੀ ਇਸੇ ਕੁਰਸੀ ਦੀ ਬਦੌਲਤ ਹੀ ਰਾਜ ਭਾਗ ‘ਤੇ ਕਾਬਜ਼ ਹਨ। ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਕਈ ਉਤਰਾਅ-ਚੜ੍ਹਾਅ ਅਤੇ ਅੱਤਵਾਦ ਦੇ ਕਾਲੇ ਦਿਨ ਅਤੇ ਜੇਲ੍ਹਾਂ ਵੀ ਕੱਟੀਆਂ। ਹੁਣ ਇਸ ਸ੍ਰੋਮਣੀ ਅਕਾਲੀ ਦਲ ਦੀ 31 ਜਨਵਰੀ ਨੂੰ ਫਿਰ ਚੋਣ ਹੋਣ ਜਾ ਰਹੀ ਹੈ। ਇਸ ਵਾਰ ਵੀ ਲਗਭਗ ਪ੍ਰਕਾਸ਼ ਸਿੰਘ ਬਾਦਲ ਦਾ ਮੁੜ ਪ੍ਰਧਾਨ ਬਣਨਾ ਤੈਅ ਹੋਣ ਦੀ ਖਬਰ ਹੈ। ਭਾਵੇਂ ਇਸ ਕੁਰਸੀ ‘ਤੇ ਬੈਠਣ ਲਈ ਉਨ੍ਹਾਂ ਦੇ ਲਖਤੇ ਜਿਗਰ ਸੁਖਬੀਰ ਸਿੰਘ ਬਾਦਲ ਜੋ ਅੱਜ ਕੱਲ੍ਹ ਸ੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹਨ, ਉਨ੍ਹਾਂ ਦਾ ਨਾਂ ਵੀ ਉੱਛਾਲਿਆ ਗਿਆ ਸੀ ਪਰ ਅੱਧੀ ਦਰਜਨ ਦੇ ਕਰੀਬ ਹੋਰ ਸੀਨੀਅਰ ਨੇਤਾਵਾਂ ਦਾ ਪ੍ਰਧਾਨਗੀ ਲਈ ਨਾਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਤੋਂ ਬਹਿਸ ਛਿੜੀ।
|