|
ਧਮਾਕੇ ਵਿੱਚ ਵਾਲ-ਵਾਲ ਬਚੇ ਡੇਰਾ ਮੁਖੀ |
|
Sunday, 03 February 2008 |
|
ਕਰਨਾਲ - ਨੀਲੋਖੇੜੀ ਤੋਂ ਕਰੀਬ 7 ਕਿਲੋਮੀਟਰ ਦੂਰ ਰਾਸ਼ਟਰੀ ਰਾਜ ਮਾਰਗ ‘ਤੇ 2 ਫਰਵਰੀ ਨੂੰ ਦਪਹਿਰ ਦੇ ਕਰੀਬ ਸਵਾ 3 ਵਜੇ ਹੋਏ ਇੱਕ ਧਮਾਕੇ ਵਿੱਚ ਸਿਰਸਾ ਡੇਰੇ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਵਾਲ-ਵਾਲ ਬਚ ਗਏ। ਦੱਸਿਆ ਜਾ ਰਿਹਾ ਹੈ ਉਹ ਕਿ ਯੂ.ਪੀ. ਦੇ ਬਾਗਪਤ ਜਿਲ੍ਹੇ ਦੇ ਪਿੰਡ ਬਰਨਾਲਾ ਵਿੱਚ ਨਾਮ ਚਰਚਾ ਲਈ ਜਾ ਰਹੇ ਸਨ ਪਰ ਸਮਾਨਾਬਾਹੂ ਨੇੜੇ ਅੱਗੇ ਜਾ ਰਹੇ ਇੱਕ ਟਰੱਕ ਦੇ ਪਿਛਲੇ ਹਿੱਸੇ ਵਿੱਚ ਅਚਾਨਕ ਧਮਾਕਾ ਹੋਇਆ। ਡੇਰਾ ਮੁਖੀ ਉੱਪਰ ਹੋਏ ਇਸ ਅਚਾਨਕ ਧਮਾਕੇ ਨੂੰ ਉਨ੍ਹਾਂ ਦੇ ਹਮਾਇਤੀ ਇੱਕ ਸੋਚਿਆ-ਸਮਝਿਆ ਹਮਲਾ ਦੱਸ ਰਹੇ ਹਨ। ਉਨਾਂ ਦੇ ਸੈਂਕੜੇ ਹਮਾਇਤੀ ਇਹ ਖਬਰ ਸੁਣਦੇ ਹੀ ਘਟਨਾ ਸਥਾਨ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਕਾਂਗਰਸ ਸਰਕਾਰ ਤੇ ਮੌਜੂਦਾ ਪ੍ਰਸ਼ਾਸਨ ਵਿਰੁੱਧ ਖੁੱਲ੍ਹਕੇ ਨਾਅਰੇਬਾਜ਼ੀ ਕੀਤੀ। ਕਈ ਕਿਲੋਮੀਟਰ ਦੂਰ ਤੱਕ ਜੀ.ਟੀ. ਰੋਡ ਪੂਰੀ ਤਰ੍ਹਾਂ ਜਾਮ ਹੋ ਗਿਆ। ਇਸ ਹਾਦਸੇ ਵਿੱਚ 9 ਲੋਕ ਜ਼ਖਮੀ ਵੀ ਹੋਏ, ਜਿਨ੍ਹਾਂ ਵਿੱਚ ਡੇਰਾ ਮੁਖੀ ਦੇ ਪ੍ਰੈਸ ਬੁਲਾਰੇ ਪਵਨ ਇੰਸਾਂ ਤੇ ਡੇਰਾ ਦੇ ਫੋਟੋਗ੍ਰਾਫਰ ਅਨਿਲ ਇੰਸਾਂ ਵੀ ਸ਼ਾਮਲ ਹਨ। ਅੰਬਾਲਾ ਤੋਂ ਜਾਂਦੇ ਸਮੇਂ ਸੰਤ ਗੁਰਮੀਤ ਰਾਮ ਰਹੀਮ ਪਿਪਲੀ ਵਿੱਚ ਨਾਮ ਚਰਚਾ ਲਈ ਰੁਕੇ ਸਨ। ਨਾਮ ਚਰਚਾ ਤੋਂ ਬਾਅਦ ਜਿਵੇਂ ਹੀ ਉਹ ਨੀਲੋਖੇੜੀ ਵੱਲ ਰਵਾਨਾ ਹੋਏ ਤਾਂ ਡੇਰਾ ਮੁਖੀ ਦੇ ਕਾਫਲੇ ਦੇ ਅੱਗੇ ਜੀ.ਐੱਸ.ਈ.ਟਰਾਂਸਪੋਰਟ ਦਾ ਟਰੱਕ ਜਾ ਰਿਹਾ ਸੀ, ਜਿਉਂ ਹੀ ਡੇਰਾ ਮੁਖੀ ਦੀਆਂ ਚਾਰ ਪਾਇਲਟ ਗੱਡੀਆਂ ਨੇ ਟਰੱਕ ਨੂੰ ਕਰਾਸ ਕੀਤਾ ਤਾਂ ਅਚਾਨਕ ਟਰੱਕ ਦੇ ਪਿਛਲੇ ਹਿੱਸੇ ਵਿੱਚ ਧਮਾਕਾ ਹੋ ਗਿਆ। ਧਮਾਕਾ ਹੁੰਦੇ ਹੀ ਕਾਲੇ ਰੰਗ ਦੀ ਸਕਾਰਪੀਓ ਗੱਡੀ ਦੇ ਪਰਖੱਚੇ ਉੱਡ ਗਏ। ਇਸ ਤੋਂ ਇਲਾਵਾ ਸਕਾਰਪੀਓ ਗੱਡੀ ਦੇ ਪਿੱਛੇ ਚੱਲ ਰਹੀ ਇੱਕ ਹੋਰ ਟੋਇਟਾ ਗੱਡੀ ਦੇ ਵੀ ਪਰਖੱਚੇ ਉੱਡ ਗਏ। ਐੱਫ.ਐੱਸ.ਐੱਲ. ਦੀ ਟੀਮ ਤੇ ਸੀਨੀਅਰ ਜਿਲ੍ਹਾ ਅਧਿਕਾਰੀ ਮੌਕੇ ‘ਤੇ ਪਹੁੰਚੇ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮੌਕੇ ‘ਤੇ ਮੌਜੂਦ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧਮਾਕਾ ਬੰਬ ਨਾਲ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਬਾਬਾ ਸੁਰੱਖਿਅਤ ਦੂਸਰੇ ਰਸਤੇ ਤੋਂ ਯੂ.ਪੀ. ਵੱਲ ਰਵਾਨਾ ਹੋ ਗਿਆ।
|