|
ਰਾਹੁਲ ਦੀ ‘ਕਾਮਰਾਜ ਯੋਜਨਾ’ ਨਾਲ ਕਾਂਗਰਸ ਵਿੱਚ ਮੱਚਿਆ ਭੜਥੂ |
|
Thursday, 07 February 2008 |
|
ਚੰਡੀਗੜ੍ਹ - ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜਰ ਅਤੇ ਗੁਜਰਾਤ-ਹਿਮਾਚਲ ਪ੍ਰਦੇਸ਼ ਦੀ ਕਰਾਰੀ ਹਾਰ ਤੋਂ ਪ੍ਰੇਸ਼ਾਨ ਕਾਂਗਰਸ ਦੇ ਜਨਰਲ ਸਕੱਤਰ ਅਤੇ ਯੁਵਾ ਨੇਤਾ ਰਾਹੁਲ ਗਾਂਧੀ ਨੇ ਪਾਰਟੀ ਵਿੱਚ 65 ਸਾਲ ਤੋ ਉੱਪਰ ਦੇ ‘ਚੱਲੇ ਕਾਰਤੂਸਾਂ’ ਨੂੰ ਬਾਹਰ ਕਰਕੇ ਯੁਵਾ ਨੇਤਾਵਾਂ ਨੂੰ ਉਤਸ਼ਾਹ ਦਿੰਦੇ ਹੋਏ ਪਾਰਟੀ ਵਿੱਚ ਨਵੀਂ ਜਾਨ ਫੂਕਣ ਲਈ ‘ਨਵੀਂ ਕਾਮਰਾਜ ਯੋਜਨਾ’ ‘ਤੇ ਅਮਲ ਕਰਨ ਦਾ ਮਨ ਬਣਾਇਆ ਹੈ। ਇਸ ਯੋਜਨਾ ਦੀ ਭਿਣਕ ਮਿਲਦੇ ਹੀ ਪਾਰਟੀ ਦੇ ਵੱਡੇ-ਵੱਡੇ ਨੇਤਾਵਾਂ ਦੇ ਪੈਰਾਂ ਹੇਠੋਂ ਜਮੀਨ ਖਿਸਕਣੀ ਸ਼ੁਰੂ ਹੋ ਗਈ ਹੈ ਅਤੇ ਪਾਰਟੀ ਨੂੰ ਪਾਰ ਲਾਉਣ ਵਾਲੇ ਅਤੇ ਕਰਨਦਾਰ ਸਮਝੇ ਜਾਣ ਵਾਲੇ ਬਜੁ਼ਰਗ ਮੰਤਰੀਆਂ ਅਤੇ ਪਾਰਟੀ ਦੇ ਅਹੁਦੇਦਾਰਾਂ ਵਿੱਚ ਭੜਥੂ ਮਚ ਗਿਆ ਹੈ। ਕਾਂਗਰਸ ਦੇ ਮੁੱਖ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨੇ ਇਸ ਮਸਲੇ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਪਾਰਟੀ ਦੀ ‘ਡੈੱਡਵੁੱਡ’ ਨੂੰ ਬਾਹਰ ਸੁੱਟ ਕੇ ਨੌਜੁਆਨ ਨੇਤਾਵਾਂ ਨਾਲ ਪਾਰਟੀ ਨੂੰ ਮਜਬੂਤ ਬਣਾਉਣ ਲਈ ਗੰਭੀਰ ਵਿਚਾਰ ਵਟਾਂਦਰਾ ਕੀਤਾ।
ਕਾਂਗਰਸ ਪ੍ਰਧਾਨ ਨਾਲ ਆਪਣੀ ਬੈਠਕ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅਲਵਰ ਦੇ ਰਾਜਕੁਮਾਰ ਜਤਿੰਦਰ ਸਿੰਘ, ਪਾਰਟੀ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ, ਸਚਿਨ ਪਾਇਲਟ, ਸਾਬਕਾ ਵਿਦਿਆਰਥੀ ਨੇਤਾ ਮਿਨਾਕਸ਼ੀ ਨਟਰਾਜਨ ਅਤੇ ਕੇਂਦਰੀ ਮੰਤਰੀਆਂ ਪੂਰਨ ਦੇਸ਼ਵਰੀ ਦੇਵੀ ਤੇ ਜੈ ਰਾਮ ਰਮੇਸ਼ ਜਿਹੇ ਆਪਣੇ ਨਜ਼ਦੀਕੀ ਨੌਜੁਆਨ ਆਗੂਆਂ ਨਾਲ ਇਸ ਸਿਲਸਿਲੇ ਵਿੱਚ ਪਿਛਲੇ ਹਫਤੇ ਬੰਦ ਕਮਰੇ ਵਿੱਚ ਇੱਕ ਲੰਮੀ ਮੀਟਿੰਗ ਕੀਤੀ ਜਿਸ ਵਿੱਚ ਇਸ ਯੋਜਨਾ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇੱਥੇ ਜਿ਼ਕਰਯੋਗ ਹੈ ਕਿ ਰਾਹੁਲ ਗਾਂਧੀ ਜਦ ਤੋਂ ਅਮੇਠੀ ਤੋਂ ਸੰਸਦ ਮੈਂਬਰ ਚੁਣੇ ਗਏ ਹਨ, ਉਦੋਂ ਤੋਂ ਹੀ ਉਨ੍ਹਾਂ ਦੀ ਲੋਕਪ੍ਰਿਯਤਾ ਵਿੱਚ ਲਗਾਤਾਰ ਵਾਧਾ ਹੋਇਆ ਹੈ ਪਰ ਪਾਰਟੀ ਵਿੱਚ ਉਨ੍ਹਾਂ ਦੇ ਸਿੱਕੇ ਅਤੇ ਦਬਦਬੇ ਦੀ ਛਾਪ ਤਦ ਡੂੰਘੀ ਹੋਈ ਜਦੋਂ ਉਹ ਉੱਤਰ ਪ੍ਰਦੇਸ਼ ਦੇ ਸਾਬਕਾ ਕਾਂਗਰਸ ਪ੍ਰਧਾਨ ਸਲਮਾਨ ਖੁਰਸ਼ੀਦ ਨੂੰ ਉਨ੍ਹਾਂ ਦੇ ਅਹੁਦੇ ਤੋਂ ਉਖਾੜ ਸੁੱਟਣ ਵਿੱਚ ਸਫਲ ਹੋਏ ਸੀ। ਯੂ.ਪੀ. ਦੀਆਂ ਚੋਣਾਂ ਵਿੱਚ ਪਾਰਟੀ ਦੀ ਹਾਰ ਲਈ ਖੁਰਸ਼ੀਦ ਨੇ ਪਾਰਟੀ ਸੰਗਠਨ ਦੀ ਅਸਫਲਤਾ ਅਤੇ ਅਸਿੱਧੇ ਤੌਰ ‘ਤੇ ਰਾਹੁਲ ਨੂੰ ਹੀ ਜਿੰਮੇਵਾਰ ਠਹਿਰਾਇਆ ਸੀ।
ਜੇ ਪਾਰਟੀ ਹਾਈ ਕਮਾਨ ਰਾਹੁਲ ਦੀ ਉਪਰੋਕਤ ਕਾਮਰਾਜ ਯੋਜਨਾ ਨੂੰ ਹਰੀ ਝੰਡੀ ਦਿੰਦੇ ਹੋਏ ਮੋਹਰ ਲਗਾ ਦਿੰਦੀ ਹੈ ਤਾਂ ਕੇਂਦਰੀ ਮਨੁੱਖੀ ਸੋਮਿਆਂ ਬਾਰੇ ਮੰਤਰੀ ਅਰਜੁਨ ਸਿੰਘ, ਗ੍ਰਹਿ ਮੰਤਰੀ ਸਿ਼ਵ ਰਾਜ ਪਾਟਿਲ, ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ, ਕੱਪੜਾ ਮੰਤਰੀ ਸ਼ੰਕਰ ਸਿੰਘ ਵਘੇਲਾ, ਟੂਰਿਜ਼ਮ ਮੰਤਰੀ ਅੰਬਿਕਾ ਸੋਨੀ, ਕਾਮਰਸ ਮੰਤਰੀ ਕਮਲਨਾਥ, ਪੰਚਾਇਤੀ ਰਾਜ ਮੰਤਰੀ ਸੈਫੂਦੀਨ ਸੋਜ਼, ਸਮਾਜ ਕਲਿਆਣ ਮੰਤਰੀ ਮੀਰਾ ਕੁਮਾਰ, ਖੇਤੀ ਰਾਜ ਮੰਤਰੀ ਸ਼ੀਸ਼ ਰਾਮ ਔਲਾ, ਵਿੱਤ ਰਾਜ ਮੰਤਰੀ ਮਾਣਿਕ ਗਾਮਿਟ ਤੇ ਸ਼ਹਿਰੀ ਵਿਕਾਸ ਮੰਤਰੀ ਜੈ ਪਾਲ ਰੈਡੀ ਨੂੰ ਮੰਤਰੀਆਂ ਦੇ ਅਹੁਦਿਆਂ ਤੋਂ ਹਟਾ ਕੇ ਕੋਈ ਹੋਰ ਜਿੰਮੇਵਾਰੀ ਸੌਂਪੀ ਜਾ ਸਕਦੀ ਹੈ। ਕੇਂਦਰੀ ਮੰਤਰੀਆਂ ਦੇ ਇਲਾਵਾ ਪਾਰਟੀ ਦੇ ਜਿਨ੍ਹਾਂ ਸੀਨੀਅਰ ਲੀਡਰਾਂ ਨੂੰ ਇਸ ਵਿਸ਼ੇਸ਼ ਯੋਜਨਾ ਦਾ ਸਿ਼ਕਾਰ ਬਣਾਇਆ ਜਾ ਸਕਦਾ ਹੈ, ਉਨ੍ਹਾਂ ਵਿੱਚ ਆਲ ਇੰਡੀਆ ਕਾਂਗਰਸ ਪਾਰਟੀ ਦੇ ਖਜ਼ਾਨਚੀ ਮੋਤੀ ਲਾਲ ਵੋਹਰਾ, ਐੱਮ.ਐੱਲ.ਫੋਤਦਾਰ, ਆਰ.ਕੇ. ਧਵਨ, ਸ਼ਮਸ਼ੇਰ ਸਿੰਘ ਸੂਰਜੇਵਾਲਾ, ਡੀ.ਐੱਨ.ਦਿਵੇਦੀ, ਆਰ.ਐੱਨ. ਮਿਰਧਾ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਉੜੀਸਾ ਦੇ ਨੇਤਾ ਜੇ.ਬੀ. ਪਟਨਾਇਕ, ਕੇ.ਕਰੁਣਾਨਿਧੀ, ਦਲਿਤ ਨੇਤਾ ਕੇ. ਵੈਂਕਸੁਆਮੀ, ਜਗਨਨਾਥ ਪਹਾੜੀਆ, ਰਾਮ ਨਰੇਸ਼ ਯਾਦਵ, ਵੀਰ ਭੱਦਰ ਸਿੰਘ ਅਤੇ ਮੋਹਿਸਨਾ ਕਿਦਵਾਈ ਦਾ ਨਾਂ ਪ੍ਰਮੁੱਖਤਾ ਨਾਲ ਲਿਆ ਜਾ ਸਕਦਾ ਹੈ।
ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਪੰਜਾਬ ਕਾਂਗਰਸ ਦੀ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਰਾਜਿੰਦਰ ਕੌਰ ਭੱਠਲ ਨੇ ਪਿਛਲੇ ਕੁਝ ਅਰਸੇ ਤੋਂ ਪਾਰਟ ਦੀ ਹਾਰ ਤੋਂ ਬਾਅਦ ਭਾਰੀ ਮਿਹਨਤ ਕੀਤੀ ਹੈ ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਕਾਂਗਰਸ ਦੇ ਮਜਬੂਤ ਦਾਅਵੇਦਾਰ ਹਨ, ਦਾ 30 ਸਤੰਬਰ 1944 ਨੂੰ ਜਨਮ ਹੋਇਆ ਸੀ ਅਤੇ 2012 ਵਿੱਚ 67 ਸਾਲ ਦੀ ਉਮਰ ਪਾਰ ਕਰ ਲੈਣ ਤੋਂ ਬਾਅਦ ਰਾਹੁਲ ਦੀ ਯੋਜਨਾ ਤਹਿਤ ਉਹ ਮੁੱਖ ਮੰਤਰੀ ਨਹੀਂ ਬਣ ਸਕਣਗੇ।
|