|
ਬੇਨਜ਼ੀਰ ਦੀ ਮੌਤ ਸਿਰ ‘ਤੇ ਲੱਗੀ ਸੱਟ ਕਾਰਨ ਹੋਈ : ਸਕਾਟਲੈਂਡ ਯਾਰਡ ਰਿਪੋਰਟ |
|
Saturday, 09 February 2008 |
ਇਸਲਾਮਾਬਾਦ : ਬਰਤਾਨਵੀ ਪੁਲਸ ਸਕਾਟਲੈਂਡ ਯਾਰਡ ਨੇ ਪਾਕਿਸਤਾਨ ਸਰਕਾਰ ਵੱਲੋਂ ਕੱਢੇ ਇਸ ਸਿੱਟੇ ਦੀ ਹਮਾਇਤ ਕੀਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਮੌਤ ਗੋਲੀ ਲੱਗਣ ਨਾਲ ਨਹੀਂ ਸਗੋਂ ਉਨ੍ਹਾਂ ਦਾ ਸਿਰ ਵਾਹਨ ਨਾਲ ਟਕਰਾਉਣ ਕਾਰਨ ਹੋਈ। ਬਰਤਾਨਵੀ ਪੈਥੋਲੋਜਿਸਟ ਡਾ. ਨਥਾਨੀਅਲ ਕੈਰੀ ਅਨੁਸਾਰ ਜਦੋਂ ਰਾਵਲੰਿਡੀ ਦੀ ਰੈਲੀ ਦੌਰਾਨ ਜੋਰਦਾਰ ਧਮਾਕਾ ਹੋਇਆ ਤਾਂ ਬੀਬੀ ਭੁੱਟੋ ਦਾ ਸਿਰ ਜੋਰ ਨਾਲ ਆਪਣੇ ਵਾਹਨ ਨਾਲ ਟਕਰਾਇਆ। ਇਸ ਟੱਕਰ ਨਾਲ ਉਨ੍ਹਾਂ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ ਜੋ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ। ਅੱਤਵਾਦ ਵਿਰੋਧੀ ਕਮਾਂਡ ਦੇ ਸੁਪਰਡੈਂਟ ਜੌਹਨ ਮੈਕਬਰਾਇਨ ਦੇ ਹਸਤਾਖਰਾਂ ਹੇਠ ਜਾਰੀ ਇਸ ਰਿਪੋਰਟ ਨਾਲ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਜਰੂਰ ਰਾਹਤ ਮਹਿਸੂਸ ਕਰ ਸਕਦੇ ਹਨ। ਜਿ਼ਕਰਯੋਗ ਹੈ ਕਿ 27 ਦਸੰਬਰ 2007 ਨੂੰ ਰਾਵਲਪਿੰਡੀ ਦੀ ਰੈਲੀ ਦੌਰਾਨ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਪਿੱਛੋਂ ਪਾਕਿਸਤਾਨੀ ਜਾਂਚ ਏਜੰਸੀਆਂ ਨੇ ਇਹੋ ਸਿੱਟਾ ਕੱਢਿਆ ਸੀ ਕਿ ਮੌਤ ਦਾ ਕਾਰਨ ਸਿਰ ‘ਤੇ ਲੱਗੀ ਸੱਟ ਸੀ ਪਰ ਇਸ ਮੁੱਦੇ ‘ਤੇ ਸਰਕਾਰ ਦੀ ਤਿੱਖੀ ਆਲੋਚਨਾ ਤੋਂ ਬਾਅਦ ਰਾਸ਼ਟਰਪਤੀ ਮੁਸ਼ੱਰਫ ਨੇ ਸਕਾਟਲੈਂਡ ਯਾਰਡ ਤੋਂ ਜਾਂਚ ਲਈ ਸਹਿਯੋਗ ਮੰਗਿਆ ਸੀ। ਉਸ ਵੇਲੇ ਜਦੋਂ ਸਰਕਾਰ ਦੀ ਇਸ ਮਾਮਲੇ ‘ਤੇ ਤਿੱਖੀ ਆਲੋਚਨਾ ਕੀਤੀ ਜਾ ਰਹੀ ਸੀ ਤਾਂ ਰਾਸ਼ਟਰਪਤੀ ਨੇ ਕਿਹਾ ਸੀ ਕਿ ਬੀਬੀ ਭੁੱਟੋ ਦੀ ਮੌਤ ਦਾ ਕਾਰਨ ਗੋਲੀ ਲੱਗਣਾ ਵੀ ਹੋ ਸਕਦਾ ਹੈ। ਹੁਣ ਸਕਾਟਲੈਂਡ ਯਾਰਡ ਦੀ ਰਿਪੋਰਟ ਅਨੁਸਾਰ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਬੰਬ ਧਮਾਕੇ ਕਾਰਨ ਬੀਬੀ ਭੁੱਟੋ ਦਾ ਸਿਰ ਉਨ੍ਹਾਂ ਦੇ ਬੁਲੇਟ ਪਰੂਫ ਵਾਹਨ ਨਾਲ ਜੋਰ ਦੀ ਟਕਰਾਇਆ ਤੇ ਇਹੋ ਸੱਟ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਈ। ਬਰਤਾਨਵੀ ਹਾਈ ਕਮਿਸ਼ਨ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋ ਸਬੂਤ ਮਿਲੇ ਤਾਂ ਉਨ੍ਹਾਂ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਗੋਲੀ ਲੱਗਣ ਕਾਰਨ ਨਹੀਂ ਹੋਈ ਤੇ ਨਾ ਹੀ ਉਨ੍ਹਾਂ ਦੇ ਸਰੀਰ ‘ਤੇ ਗੋਲੀ ਵੱਜਣ ਦਾ ਕੋਈ ਜਖਮ ਹੈ।
|