|
ਕੈਨੇਡਾ ਵਿੱਚ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣੇਗੀ ਪੰਜਾਬੀ! |
|
Wednesday, 13 February 2008 |
ਵੈਨਕੂਵਰ - ਕੈਨੇਡਾ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਇਸ ਵਿੱਚ 35 ਫੀਸਦੀ ਦਾ ਵਾਧਾ ਹੋਇਆ ਹੈ। ਆਉਣ ਵਾਲੇ ਕੁਝ ਸਾਲਾਂ ਵਿੱਚ ਪੰਜਾਬੀ ਭਾਸ਼ਾ ਇੱਥੋਂ ਦੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਜਾਵੇਗੀ। ਉਂਝ ਅਜੇ ਵੀ ਬ੍ਰਿਟਿਸ਼ ਕੋਲੰਬਆ ਵਿੱਚ ਇਹ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਅੰਗਰੇਜੀ, ਚੀਨੀ, ਇਟਾਲੀਅਨ ਅਤੇ ਜਰਮਨ ਭਾਸ਼ਾ ਤੋਂ ਬਾਅਦ ਇਸ ਦਾ ਸਥਾਨ ਛੇਵਾਂ ਹੈ। ਕੈਨੇਡਾ ਵਿੱਚ ਜਿੱਤੇ ਇੱਕ ਸਮੇਂ ਚੀਨੀ ਲੋਕ ਸਭ ਤੋਂ ਵੱਧ ਆ ਰਹੇ ਹਨ, ਉੱਥੇ ਹੀ ਹੁਣ ਭਾਰਤੀਆਂ ਨੇ ਉਨ੍ਹਾਂ ਦੀ ਜਗ੍ਹਾ ਲੈ ਲਈ ਹੈ। ਅਜਿਹੇ ਅਨੁਮਾਨ ਲਗਾਏ ਜਾ ਰਹੇ ਹਨ ਕਿ 2011 ਤੱਕ ਕੈਨੇਡਾ ਵਿੱਚ ਸਭ ਤੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਚੌਥੇ ਸਥਾਨ ‘ਤੇ ਪੁੱਜ ਜਾਵੇਗੀ। ਕੈਨੇਡਾ ਵਿੱਚ ‘ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ’ ਦੇ ਮੁਖੀ ਬਲਵੰਤ ਸੰਘੇਰਾ ਨੇ ਕਿਹਾ ਕਿ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਕਾਫੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ 367505 ਲੋਕਾਂ ਨੇ ਕਿਹਾ ਕਿ ਪੰਜਾਬੀ ਉਨ੍ਹਾਂ ਦੀ ਮਾਂ ਬੋਲੀ ਹੈ। ਇਸ ਦੀ ਤੁਲਨਾ ਜੇਕਰ 2001 ਤੋਂ ਕੀਤੀ ਜਾਵੇ ਤਾਂ ਇਸ ਵਿੱਚ 35 ਫੀਸਦੀ ਦਾ ਵਾਧਾ ਹੋਇਆ ਹੈ।
|