|
ਟਾਟਾ ਨੈਨੋ ਦੇ ਪੁਰਜ਼ੇ ਕੈਨੇਡਾ ਤੋਂ ਆਉਣਗੇ |
|
Sunday, 24 February 2008 |
ਓਟਾਵਾ - ਕੈਨੇਡਾ ਦੀ ਰੌਲ ਫੋਰਮਿੰਗ ਸਿਸਟਮ ਨਿਰਮਾਣਕਾਰ ਸੈਮਕੋ ਮਸ਼ੀਨਰੀ ਲਿਮਟਿਡ ਦੁਨੀਆਂ ਦੀ ਸਭ ਤੋਂ ਸਸਤੀ ਕਾਰ ‘ਟਾਟਾ ਨੈਨੋ’ ਲਈ ਪੁਰਜ਼ੇ ਸਪਲਾਈ ਕਰੇਗੀ। ਓਟਾਵਾ ਯੂਨੀਵਰਸਿਟੀ ਵਿਖੇ ਟੈਲਫਰ ਇੰਡੀਆ ਫੋਰਮ ਨੂੰ ਸੰਬੋਧਨ ਕਰਦਿਆ ਕੈਨੇਡਾ ਦੇ ਬਰਾਮਦ ਵਿਕਾਸ ਮਾਮਲਿਆਂ ਦੇ ਪ੍ਰਤੀਨਿਧ (ਭਾਰਤ) ਪੀਟਰ ਐੱਲ. ਨੈਸਬਿਟ ਨੇ ਕਿਹਾ ਕਿ ਸੈਮਕੋ ਨੇ ਇੱਕ ਲੱਖ ਰੁਪਏ (2500 ਡਾਲਰ) ਦੀ ਕਾਰ ਦੇ ਨਿਰਮਾਣ ਲਈ ਭਾਰਤ ਦੇ ਮੋਹਰੀ ਕਾਰੋਬਾਰੀ ਟਾਟਾ ਸਮੂਹ ਨਾਲ ਭਿਆਲੀ ਪਾਈ ਹੈ। ਉਨ੍ਹਾਂ ਕਿਹਾ ਕਿ ‘ਟਾਟਾ ਨੈਨੋ’ ਦੁਨੀਆਂ ਭਰ ਵਿੱਚ ਕਾਰ ਸਨਅਤ ਵਿੱਚ ਕ੍ਰਾਤੀ ਲਿਆ ਦੇਵੇਗੀ। ਸੈਮਕੋ ਦੇ ਪ੍ਰਧਾਨ ਬੌ ਰੈਪਰੋਵਜ਼ ਨੇ ਕਿਹਾ ਕਿ ਟਾਟਾ-ਰੌਲ ਫਾਰਮਿੰਗ ਔਜ਼ਾਰ (ਵੇਲਣ) ਅਤੇ ਤਕਨਾਲੋਜੀ ਉਨ੍ਹਾਂ ਦੀ ਕੰਪਨੀ ਤੋਂ ਲਵੇਗਾ ਕਿਉਂਕਿ ਭਾਰਤ ਦੀ ਕੋਈ ਵੀ ਕੰਪਨੀ ਇਸ ਮਾਮਲੇ ਵਿੱਚ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਯੂਨੀਵਰਸਿਟੀ ਦੇ ਟੈਲਫਰ ਸਕੂਲ ਆਫ ਮੈਨੇਜਮੈਂਟ ਵੱਲੋਂ ਕਰਵਾਏ ਗਏ ਇਸ ਸਮਾਰੋਹ ਵਿੱਚ ਕਈ ਕੈਨੇਡੀਅਨ ਕੰਪਨੀਆਂ ਸ਼ਾਮਲ ਹੋਈਆਂ। ਇਸ ਦੇ ਮੁਖੀ ਮਾਈਕਲ ਜੇ. ਕੈਲੀ ਨੇ ਕਿਹਾ ਕਿ ਕੈਨੇਡੀਆਈ ਕੰਪਨੀਆਂ ਨੂੰ ਭਾਰਤ ਵਿੱਚ ਅਥਾਹ ਕਾਰੋਬਾਰੀ ਮੌਕੇ ਖੁੰਝਾਉਣੇ ਨਹੀਂ ਚਾਹੀਦੇ।
|