|
ਅੱਖਾਂ ਨੂੰ ਬਣਾਓ ਸਿਹਤਮੰਦ ਤੇ ਸੁੰਦਰ |
|
Thursday, 13 March 2008 |
|
ਅੱਖਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਉਨ੍ਹਾਂ ਦੀ ਦੇਖਭਾਲ ਜਰੂਰੀ ਹੈ। ਜੇ ਅਸੀਂ ਅੱਖਾਂ ਦੀ ਢੁੱਕਵੀਂ ਦੇਖਭਾਲ ਨਹੀਂ ਕਰਦੇ ਤਾਂ ਅੱਖਾਂ ਦੀ ਰੌਸ਼ਨੀ ਘਟ ਸਕਦੀ ਹੈ। ਕਦੇ-ਕਦੇ ਅੱਖਾਂ ਦੇ ਹੇਠਾਂ ਕਾਲੇ ਘੇਰੇ ਵੀ ਬਣ ਜਾਂਦੇ ਹਨ। ਇਸਦਾ ਮੁੱਖ ਕਾਰਨ ਦਿਮਾਗੀ ਤਣਾਅ, ਜਿ਼ਆਦਾ ਚਿੰਤਾ, ਐਨੀਮੀਆ, ਸੰਤੁਲਿਤ ਭੋਜਨ ਨਾ ਕਰਨਾ, ਭੁੱਖ ਘੱਟ ਲੱਗਣੀ ਆਦਿ ਹਨ। ਆਓ ਦੇਖੀਏ ਕਿ ਆਪਣੀਆਂ ਅੱਖਾਂ ਨੂੰ ਸਿਹਤਮੰਦ ਤੇ ਸੁੰਦਰ ਕਿਵੇਂ ਬਣਾਇਆ ਜਾਵੇ :-
* ਧੂੜ, ਧੂੰਏਂ ਤੇ ਤੇਜ਼ ਰੌਸ਼ਨੀ ਤੋਂ ਅੱਖਾਂ ਨੂੰ ਬਚਾ ਕੇ ਰੱਖੋ। ਇਹ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜੇ ਅੱਖਾਂ ਵਿੱਚ ਧੂੜ ਪੈ ਜਾਵੇ ਤਾਂ ਤੁਰੰਤ ਪਾਣੀ ਦੇ ਛਿੱਟੇ ਮਾਰੋ ਤਾਂ ਕਿ ਧੂੜ ਦੇ ਕਣ ਬਾਹਰ ਆ ਜਾਣ।
* ਭਰਪੂਰ ਨੀਂਦ ਲਵੋ ਪਰ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਦਿਨੇ ਵੀ ਸੁੱਤੇ ਰਹੋ। ਰਾਤ ਨੂੰ ਜਿ਼ਆਦਾ ਦੇਰ ਤੱਕ ਨਾ ਜਾਗੋ। ਇਸ ਨਾਲ ਵੀ ਅੱਖਾਂ ‘ਤੇ ਜ਼ੋਰ ਪੈਂਦਾ ਹੈ।
* ਕੁਝ ਪੜ੍ਹ ਰਹੇ ਹੋ ਤਾਂ ਲੇਟ ਕੇ ਨਾ ਪੜ੍ਹੋ। ਬੈਠ ਕੇ ਅਤੇ ਢੁੱਕਵੀਂ ਰੌਸ਼ਨੀ ਵਿੱਚ ਪੜ੍ਹੋ। ਲੈਂਪ ਦੀ ਵਰਤੋਂ ਨਾ ਕਰੋ। ਇਸ ਨਾਲ ਅੱਖਾਂ ‘ਤੇ ਜ਼ੋਰ ਪੈਂਦਾ ਹੈ।
* ਆਪਣੇ ਭੋਜਨ ਵਿੱਚ ਵਿਟਾਮਿਨ ਏ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰੋ।
* ਜਦੋਂ ਵੀ ਧੁੱਪ ਵਿੱਚ ਬਾਹਰ ਨਿਕਲੋ ਤਾਂ ਧੁੱਪ ਦੀ ਐਨਕ ਲਗਾਓ। ਇਹ ਸੂਰਜ ਦੀਆਂ ਨੁਕਸਾਨਦੇਹ ਕਿਰਨਾਂ ਤੋਂ ਅੱਖਾਂ ਦੀ ਰਾਖੀ ਕਰਦੀ ਹੈ।
* ਸਵੇਰੇ ਸੂਰਜ ਨਿਕਲਣ ਵੇਲੇ ਹਰੇ ਘਾਹ ‘ਤੇ 15-20 ਮਿਠਾਂ ਲਈ ਨੰਗੇ ਪੈਰ ਤੁਰੋ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।
* ਜੇ ਅੱਖਾਂ ਦੇ ਆਲੇ-ਦੁਆਲੇ ਕਾਲੇ ਘੇਰੇ ਪੈ ਗਏ ਹੋਣ ਤਾਂ ਖੀਰੇ ਤੇ ਤਰਾਂ ਦੇ ਟੁਕੜੇ ਉਨ੍ਹਾਂ ਘੇਰਿਆਂ ‘ਤੇ ਘਿਸਾਓ। ਲਗਾਤਾਰ ਅਜਿਹਾ ਕਰਨ ਨਾਲ ਕਾਲਾਪਨ ਦੂਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕਾਲੇ ਘੇਰਿਆਂ ‘ਤੇ ਮਲਾਈ ਲਗਾਓ। ਕੱਚੇ ਆਲੂ ਦੇ ਟੁਕੜੇ ਅੱਖਾਂ ‘ਤੇ 15-20 ਮਿਟਾਂ ਲਈ ਰੱਖੋ। ਇਸ ਨਾਲ ਵੀ ਕਾਲੇ ਘੇਰੇ ਦੂਰ ਹੁੰਦੇ ਹਨ ਅਤੇ ਅੱਖਾਂ ਵਿੱਚ ਚਮਕ ਆਉਂਦੀ ਹੈ।
|