|
ਬਠਿੰਡੇ ਦੇ ਤਿੰਨ ਵਿਧਾਇਕਾਂ ਖੁੱਲ੍ਹੇਆਮ ਕੈਪਟਨ ਅਮਰਿੰਦਰ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ |
|
Saturday, 22 March 2008 |
ਬਠਿੰਡਾ- ਵਿਧਾਨ ਸਭਾ ‘ਚ ਪੰਚਾਇਤੀ ਚੋਣਾਂ ਦੇ ਮੱਦੇ ਨੂੰ ਲੈ ਕੇ ਵਿਰੋਧੀ ਧਿਰ ਦੀ ਨੇਤਾ ਅਤੇ ਪੰਜਾਬ ਕਾਂਗਰਸ ਦੀ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਸੱਤਾਧਾਰੀ ਪਾਰਟੀ ਨੂੰ ਹਮਾਇਤ ਦੇਣ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਵਿਧਾਇਕ ਖੁੱਲ੍ਹ ਕੇ ਆਪਣੇ ਆਗੂ ਦੇ ਹੱਕ ਵਿਚ ਨਿੱਤਰ ਆਏ ਹਨ। ਇਸਦੀ ਸ਼ੁਰੂਆਤ ਬਠਿੰਡਾ ਜ਼ਿਲ੍ਹੇ ਦੇ ਤਿੰਨ ਵਿਧਾਹਿਕਾਂ ਗੁਰਪ੍ਰੀਤ ਸਿੰਘ ਕਾਂਗੜਾ, ਅਜਾਇਬ ਸਿੰਘ ਭੱਟੀ ਅਤੇ ਮੱਖਣ ਸਿੰਘ ਵੱਲੋਂ ਕੀਤ ਗਈ ਹੈ। ਤਿੰਨਾਂ ਵਿਧਾਇਕਾਂ ਨੇ ਮੰਗ ਕੀਤੀ ਹੈ ਕਿ ਬੀਬੀ ਭੱਠਲ ਵੱਲੋਂ ਬਾਦਲਾਂ ਦੀ ਕੀਤੀ ਹਮਾਇਤ ਦੀ ਕਾਂਗਰਸ ਹਾਈਕਮਾਨ ਜਾਂਚ ਕਰੇ। ਉਕਤ ਵਿਧਾਇਕਾਂ ਨੇ ਫੋਨ ‘ਤੇ ਸੰਪਰਕ ਕਰਦਿਆਂ ਕਿਹਾ ਕਿ ਇਕ ਪਾਸੇ ਸੱਤਾਧਾਰੀ ਪਾਰਟੀ ਵੱਲੋਂ ਕਾਂਗਰਸੀ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਕਾਂਗਰਸ ਮੁਖੀ ਬਾਦਲਾਂ ਦੀ ਖੁੱਲ੍ਹੇ ਤੌਰ ‘ਤੇ ਹਮਾਇਤ ਕਰਕੇ ਪਾਰਟੀ ਵਰਕਰਾਂ ਦੇ ਮਨੋਬਲ ਨੂੰ ਹੋਰ ਡੇਗ ਰਹੇ ਹਨ। ਵਿਧਾਇਕਾਂ ਨੇ ਬੀਬੀ ਭੱਠਲ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਇਹ ਪਤਾ ਨਹੀਂ ਸੀ ਕਿ ਪੰਜਾਬ ਵਿਚ ਵਾਢੀ ਦੀ ਰੁੱਤ ਹੈ ਅਤੇ ਬੱਚਿਆਂ ਦੇ ਪੇਪਰ ਹੋ ਰਹੇ ਹਨ? ਸ. ਕਾਂਗੜ ਨੇ ਕਿਹਾ ਕਿ ਪੰਚਾਇਤੀ ਚੋਣਾਂ ਅੱਗੇ ਪਾਉਣਾ ਬਾਦ ਦੀ ਮਜ਼ਬੂਰੀ ਬਣ ਗਈ ਸੀ ਕਿਉਂਕਿ ਇਸ ਮੁੱਦੇ ਨੂੰ ਲੈ ਕੇ ਸੱਤਾਧਾਰੀ ਗੱਠਜੋੜ ਵਿਚ ਵੱਡੀਆਂ ਤਰੇੜਾਂ ਆ ਗਈਆਂ ਸਨ, ਜਿਸ ਦਾ ਕਾਂਗਰਸ ਪਾਰਟੀ ਨੂੰ ਭਾਰੀ ਲਾਭ ਮਿਲਣਾ ਸੀ ਪਰ ਬੀਬੀ ਭੱਠਲ ਨੇ ਬਾਦਲਾਂ ਦੀ ਹਮਾਇਤ ਕਰਕੇ ਪਾਰਟੀ ਦੀ ਪਿੱਠ ਵਿਚ ਛੁਰੀ ਮਾਰੀ ਹੈ। ਤਿੰਨਾਂ ਵਿਧਾਇਕਾਂ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਡੱਟ ਕੇ ਖੜ੍ਹੇ ਹਨ ਕਿਉਂਕਿ ਉਨ੍ਹਾਂ ਪੰਜਾਬ ਦੇ ਹਿੱਤਾਂ ਖਾਤਰ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ।
|