|
ਅਰੂਸਾ-ਅਮਰਿੰਦਰ ਫਿਰ ਪਹੁੰਚੇ ਡੋਚੀ! |
|
Monday, 24 March 2008 |
|
ਪਟਿਆਲਾ - ਕੁਝ ਮਹੀਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਹਿਣ ਕਾਰਨ ਚਰਚਾ ਵਿੱਚ ਆਈ ਪਾਕਿਸਤਾਨੀ ਖੂਬਸੂਰਤ ਅਤੇ ਜਵਾਨ ਪੱਤਰਕਾਰ ਅਰੂਸਾ ਆਲਮ ਫਿਰ ਭਾਰਤ ਪਹੁੰਚ ਗਈ ਹੈ। ਇਸ ਗੱਲ ਦੀ ਪੁਸ਼ਟੀ ਅਧਿਕਾਰਕ ਤੌਰ ‘ਤੇ ਤਾਂ ਨਹੀਂ ਹੋ ਸਕੀ ਪਰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਅਰੂਸਾ 19 ਮਾਰਚ ਨੂੰ ਸ਼ਾਮ 4 ਵਜੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚ ਗਈ ਸੀ। ਅਰੂਸਾ ਨਾਲ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਜੁੜ ਜਾਣ ਕਾਰਨ ਕਿਉਂਕਿ ਕਾਂਗਰਸ ਦੀ ਕਾਫੀ ਕਿਰਕਿਰੀ ਹੋਈ ਸੀ, ਇਸ ਲਈ ਇਸ ਵਾਰ ਕੇਂਦਰ ਦੀ ਕਾਂਗਰਸ ਸਰਕਾਰ ਅਰੂਸਾ ਦੀਆਂ ਸਰਗਰਮੀਆਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਸੂਤਰ ਦੱਸਦੇ ਹਨ ਕਿ ਅਮਰਿੰਦਰ ਸਿੰਘ ਅਰੂਸਾ ਆਲਮ ਨੂੰ ਲੈ ਕੇ 23 ਮਾਰਚ ਨੂੰ ਹਿਮਾਚਲ ਪ੍ਰਦੇਸ਼ ਸਥਿਤ ਡੋਚੀ ਫਾਰਮ ਹਾਊਸ ਵਿੱਚ ਆ ਗਏ ਹਨ। ਸੂਤਰ ਦੱਸਦੇ ਹਨ ਕਿ ਅਰੂਸਾ ਅਤੇ ਅਮਰਿੰਦਰ 30 ਮਾਰਚ ਤੱਕ ਡੋਚੀ ਵਿੱਚ ਰਹਿਣਗੇ ਜਦਕਿ ਇਸ ਦੇ ਬਾਅਦ ਉਨ੍ਹਾਂ ਦੇ ਪਟਿਆਲਾ ਜਾਂ ਫਿਰ ਕੰਡਿਆਲੀ ਜਾਣ ਦੀ ਸੰਭਾਵਨਾ ਹੈ। ਅਰੂਸਾ 19 ਅਪ੍ਰੈਲ ਤੱਕ ਭਾਰਤ ਵਿੱਚ ਰਹੇਗੀ। ਜਾਣਕਾਰੀ ਮੁਤਾਬਕ 19 ਮਾਰਚ ਤੋਂ ਲੈ ਕੇ 23 ਮਾਰਚ ਤੱਕ ਅਰੂਸਾ ਦਿੱਲੀ ਸਥਿਤ ਕੈਪਟਨ ਅਮਰਿੰਦਰ ਸਿੰਘ ਦੇ ਜੋੜ ਬਾਗ ਸਥਿਤ ਫਲੈਟ ਨੰਬਰ 123 ਵਿੱਚ ਰਹੀ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਦੀ ਮੰਨੀਏ ਤਾਂ ਅਰੂਸਾ ਸਿਰਫ ਪਟਿਆਲਾ, ਡੋਚੀ ਅਤੇ ਕੰਡਿਆਲੀ ਹੀ ਜਾ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਸਰਕਾਰ ਨੇ ਅਰੂਸਾ ਨੂੰ ਸਿਰਫ 3 ਥਾਵਾਂ ‘ਤੇ ਹੀ ਜਾਣ ਦੀ ਇਜਾਜ਼ਤ ਦਿੱਤੀ ਹੈ। ਸੂਤਰਾਂ ਅਨੁਸਾਰ ਅਰੂਸਾ ਦੀ ਇਸ ਵਾਰ ਦੀ ਭਾਰਤ ਫੇਰੀ ‘ਤੇ ਕੇਂਦਰ ਸਰਕਾਰ ਦੇ ਨਾਲ-ਨਾਲ ਕਾਂਗਰਸ ਪਾਰਟੀ ਵੀ ਤਿੱਖੀਆਂ ਨਜ਼ਰਾਂ ਰੱਖ ਰਹੀ ਹੈ। ਕੁਝ ਚਿਰ ਪਹਿਲਾਂ ਹੀ ਬੀਬੀ ਭੱਠਲ ਦੇ ਵਿਰੁੱਧ ਸਖਤ ਬਿਆਨ ਦੇਣ ਕਾਰਨ ਅਮਰਿੰਦਰ ਸਿੰਘ ਤੋਂ ਪਹਿਲਾਂ ਹੀ ਕਾਂਗਰਸ ਹਾਈ ਕਮਾਨ ਖਫਾ ਦੱਸੀ ਜਾ ਰਹੀ ਹੈ ਜਦਕਿ ਹੁਣ ਅਰੂਸਾ ਦੀ ਇਹ ਫੇਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਕੈਰੀਅਰ ‘ਤੇ ਭਾਰੀ ਪੈ ਸਕਦੀ ਹੈ।
|