|
ਸਾਨੀਆ ਨੇ ਸੋਨੀ ਏਰਿਕਸਨ ਓਪਨ ਤੋਂ ਨਾਂ ਵਾਪਸ ਲਿਆ |
|
Sunday, 30 March 2008 |
ਨਿਊਯਾਰਕ - ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਗੁੱਟ ਦੀ ਸੱਟ ਕਾਰਨ ਮਿਆਮੀ ਵਿੱਚ ਖੇਡੇ ਜਾ ਰਹੇ 21 ਲੱਖ ਡਾਲਰ ਦੀ ਇਨਾਮੀ ਰਾਸ਼ੀ ਦੇ ਸੋਨੀ ਏਰਿਕਸਨ ਓਪਨ ਟੈਨਿਸ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਸਾਨੀਆ ਨੇ ਬੀਤੇ ਬੁੱਧਵਾਰ ਨੂੰ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈਣ ਦਾ ਐਲਾਨ ਕੀਤਾ। ਪਿਛਲੇ ਹਫਤੇ ਇੰਡੀਅਨ ਵੇਲਸ ਵਿੱਚ ਆਯੋਜਿਤ ਪੈਸੇਫਿਕ ਓਪਨ ਟੈਨਿਸ ਟੂਰਨਾਮੈਂਟ ਦੌਰਾਨ ਉਸ ਦੇ ਸੱਜੇ ਗੁੱਟ ‘ਤੇ ਸੱਟ ਲੱਗ ਗਈ ਸੀ। ਉਸ ਨੂੰ ਖਦਸ਼ਾ ਸੀ ਕਿ ਟੂਰਨਾਮੈਂਟ ਦੇ ਅਗਲੇ ਪੜਾਵਾਂ ਵਿੱਚ ਇਹ ਸੱਟ ਉਸ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। 29ਵਾਂ ਦਰਜਾ ਹਾਸਲ ਸਾਨੀਆ ਨੂੰ ਸੋਨੀ ਏਰਿਕਸਨ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਬਾਈ ਮਿਲੀ ਸੀ। ਦੂਜੇ ਗੇੜ ਵਿੱਚ ਉਸ ਦਾ ਮੁਕਾਬਲਾ ਵਾਈਲਡ ਕਾਰਡਧਾਰੀ ਜਰਮਨੀ ਦੀ ਸਬੀਨ ਲਿਸਕੀ ਨਾਲ ਹੋਣਾ ਸੀ। 21 ਸਾਲਾ ਸਾਨੀਆ ਦੇ ਟੂਰਨਾਮੈਂਟ ਤੋਂ ਹਟਣ ਕਾਰਨ ਉਸ ਦੀ ਥਾਂ ‘ਤੇ ਯੂਕਰੇਨ ਦੀ ਮਾਰੀਆ ਕੋਰਿਤਸੋਵਾ ਨੂੰ ਮੁੱਖ ਡਰਾਅ ਵਿੱਚ ਜਗ੍ਹਾ ਦਿੱਤੀ ਗਈ ਹੈ।
|