|
ਮੁਸ਼ੱਰਫ ਨੂੰ ਹਟਾਉਣ ਲਈ ਬਿਲ ਲਿਆਉਣਗੇ ਨਵਾਜ਼ ਸ਼ਰੀਫ |
|
Sunday, 06 April 2008 |
|
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀ. ਐਮ. ਐਲ.-ਐਨ ਦੇ ਲੀਡਰ ਨਵਾਜ਼ ਸ਼ਰੀਫ ਦਾ ਕਹਿਣਾ ਹੈ ਕਿ ਗਿਲਾਨੀ ਸਰਕਾਰ ਹੁਣ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਅਹੁਦੇ ਤੋਂ ਹਟਾਉਣ ਦੇ ਲਈ ਨਵਾਂ ਬਿਲ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਸੱਤਾਧਾਰੀ ਪੀ. ਪੀ. ਪੀ. ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਵਿਚ ਨਵਾਜ਼ ਸ਼ਰੀਫ ਦੀ ਪਾਰਟੀ ਵੀ ਸ਼ਾਮਲ ਹੈ।
ਸ਼ਰੀਫ ਨੇ ਕਿਹਾ ਕਿ ਮੁਸ਼ੱਰਫ ਨੇ ਆਪਣੇ ਅੱਠ ਸਾਲ ਦੇ ਸ਼ਾਸਨ ਦੇ ਦੌਰਾਨ ਦੇਸ਼ ਦੀਆਂ ਕਈ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਕਰਕੇ ਰਾਸ਼ਟਰਪਤੀ ਵਰਗੇ ਮੁਲਕ ਦੇ ਸੁਪਰੀਮ ਅਹੁਦੇ ‘ਤੇ ਬਣੇ ਰਹਿਣ ਦਾ ਉਹਨਾਂ ਨੂੰ ਕੋਈ ਹੱਕ ਨਹੀਂ ਹੈ। ਨਵਾਜ਼ ਨੇ ਇਹ ਜਾਣਕਾਰੀ ਇਕ ਚੈਨਲ ਨਾਲ ਗੱਲਬਾਤ ਦੇ ਦੌਰਾਨ ਦਿੱਤੀ। ਉਹਨਾਂ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਦੇ ਅਹੁਦੇ ਤੋਂ ਮੁਸ਼ੱਰਫ ਨੂੰ ਹਟਾਉਣ ਦੇ ਲਈ ਸੰਸਦ ਵਿਚ ਇਕ ਬਿਲ ਲਿਆਉਣ ਦੇ ਚਾਹਵਾਨ ਹਾਂ। ਮੁਸ਼ੱਰਫ ਇਸ ਸਮੇਂ ਇਕੱਲੇ ਖੜ੍ਹੇ ਹਨ, ਇਸ ਕਰਕੇ ਉਹਨਾਂ ਨੂੰ ਹਰ ਕੀਮਤ ਵਿਚ ਹਟਣਾ ਹੀ ਹੋਵੇਗਾ।
ਸ਼ਰੀਫ ਨੇ ਮੁਸ਼ੱਰਫ ਦੇ ਨਾਲ ਕੀਤੇ ਗਏ ਕਿਸੇ ਗੁਪਤ ਸਮਝੌਤੇ ਨਾਲ ਬੰਨ੍ਹੇ ਹੋਣ ਦੀ ਗੱਲ ਤੋਂ ਵੀ ਇਨਕਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਨਾ ਤਾਂ ਮੈਂ ਮੁਸ਼ੱਰਫ ਦੇ ਨਾਲ ਕਿਸੇ ਕਿਸਮ ਦਾ ਸਮਝੌਤਾ ਕੀਤਾ ਹੈ ਅਤੇ ਨਾ ਹੀ ਮੇਰੇ ਰਵੱਈਏ ਵਿਚ ਕਿਸੇ ਕਿਸਮ ਦੀ ਨਰਮੀ ਆਈ ਹੈ। ਮੇਰਾ ਮੰਨਣਾ ਹੈ ਕਿ ਲੋਕਤੰਤਰੀ ਵਿਵਸਥਾ ਵਿਚ ਕਿਸੇ ਵੀ ਤਾਨਾਸ਼ਾਹ ਦੇ ਲਈ ਕੋਈ ਜਗ੍ਹਾ ਨਹੀਂ ਬਚਦੀ।
|