|
ਤਿੱਬਤ ‘ਤੇ ਦਲਾਈਲਾਮਾ ਨੇ ਕਿਹਾ ਹੋਰ ਹਿੰਸਾ ਹੋਈ ਤਾਂ ਅਸਤੀਫਾ ਦੇ ਦਿਆਂਗਾ |
|
Tuesday, 15 April 2008 |
|
ਸਿਲੀਕਾਨ ਵੈਲੀ- ਤਿੱਬਤ ਦੀ ਆਜ਼ਾਦੀ ਦੀ ਮੰਗ ਨੂੰ ਲੈ ਕੇ ਮਾਰਚ ਤੋਂ ਦੁਬਾਰਾ ਸ਼ੁਰੂ ਹੋਈ ਮੁਹਿੰਮ ਵਿਚ ਲਗਾਤਾਰ ਵਧਦੀ ਹਿੰਸਾ ਵਿਚਕਾਰ ਦਲਾਈ ਲਾਮਾ ਨੇ ਕਿਹਾ ਹੈ ਕਿ ਜੇਕਰ ਜਲਦੀ ਹਿੰਸਾ ਰੋਕੀ ਨਾ ਗਈ ਤਾਂ ਉਹ ਦੇਸ਼ ਨਿਕਾਲਾ ਸਰਕਾਰ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਸੀਏਟਲ ਵਿਚ ਪੰਜ ਦਿਨਾ ਅਧਿਆਤਮ ਸੰਮੇਲਨ ਦੇ ਦੌਰਾਨ ਦਲਾਈ ਲਾਮਾ ਨੇ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਹਿੰਸਾ ਛੱਡ ਦੇਣ। ਜੇਕਰ ਤਿੱਬਤ ਮਸਲੇ ‘ਤੇ ਹੋਰ ਜ਼ਿਆਦਾ ਹਿੰਸਾ ਹੋਈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। 72 ਸਾਲਾ ਅਧਿਆਤਮਕ ਗੁਰੂ ਦਲਾਈ ਲਾਮਾ ਨੇ ਕਿਹਾ ਕਿ ਉਹ ਹਿੰਸਾ ਨਹੀਂ ਬਲਕਿ ਮੱਧ ਮਾਰਗ ਅਪਣਾਉਣਾ ਚਾਹੁੰਦੇ ਹਨ। ਤਿੱਬਤ ਦੀ ਆਜ਼ਾਦੀ ਦੇ ਲਈ ਉਹ ਵੀ ਉਨੇ ਹੀ ਉਤਾਵਲੇ ਹਨ, ਜਿੰਨੇ ਆਮ ਤਿੱਬਤੀ, ਫਿਰ ਵੀ ਉਹ ਸ਼ਾਂਤੀਪੂਰਨ ਤਰੀਕੇ ਨਾਲ ਤਿੱਬਤ ਦਾ ਮਸਲਾ ਸੁਲਝਾਉਣਾ ਚਾਹੁੰਦੇ ਹਨ। ਦਲਾਈ ਲਾਮਾ ਨੇ ਕਿਹਾ ਕਿ ਸਾਡਾ ਸੰਘਰਸ਼ ਰਿਪਬਲਿਕਨ ਚੀਨ ਦੇ ਕੁਝ ਲੀਡਰਾਂ ਨਾਲ ਹੈ, ਨਾ ਕਿ ਚੀਨ ਦੇ ਆਮ ਲੋਕਾਂ ਨਾਲ। ਮੈਂ ਨਹੀਂ ਚਾਹੁੰਦਾ ਕਿ ਹਿੰਸਾ ਦੀ ਲਪੇਟ ਵਿਚ ਆਮ ਲੋਕਾਂ ਨੂੰ ਨੁਕਸਾਨ ਹੋਵੇ। ਉਹਨਾਂ ਨੇ ਤਿੱਬਤ ਮਸਲੇ ‘ਤੇ ਚੀਨ ਦੀ ਸਖਤ ਨੀਤੀ ‘ਤੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਦਬਾਅ ਨਾਲ ਹਿੰਸਾ ਵੱਧ ਸਕਦੀ ਹੈ। ਚੀਨ ਨੂੰ ਸੰਜਮ ਵਰਤਣਾ ਚਾਹੀਦਾ ਹੈ। ਦੂਜੇ ਪਾਸੇ ਸਥਾਨਕ ਅਖਬਾਰ ਸੀਏਟਲ ਟਾਈਮਜ਼ ਨੂੰ ਦਿੱਤੀ ਇੰਟਰਵਿਊ ਵਿਚ ਦਲਾਈ ਲਾਮਾ ਨੇ ਚੀਨ ਨਾਲ ਤਿੱਬਤ ਮਸਲੇ ‘ਤੇ ਹੋਣ ਵਾਲੀ ਗੱਲਬਾਤ ਨੂੰ ਪੂਰੀ ਤਰ੍ਹਾਂ ਭੇਦਭਰੀ ਦੱਸਿਆ। ਉਹਨਾਂ ਨੇ ਕਿਹਾ ਕਿ ਇਹ ਮੈਨੂੰ ਵੀ ਨਹੀਂ ਪਤਾ ਕਿ ਚੀਨ ਨਾਲ ਉਹਨਾਂ ਦੀ ਕਦੋਂ ਗੱਲਬਾਤ ਹੋਵੇਗੀ ਜਾਂ ਨਹੀਂ।
|