|
ਫੌਜੀਆਂ ਵਰਗੀ ਚੌਂਕੀਦਾਰੀ ਕਰਦੀਆਂ ਹਨ ਚਿੜੀਆਂ! |
|
Saturday, 19 April 2008 |
|
ਲੰਡਨ- ਜਿਸ ਤਰ੍ਹਾਂ ਬਾਰਡਰ ਦੀ ਰੱਖਿਆ ਦੇ ਲਈ ਸੈਨਿਕ ਚੌਕਸੀ ਕਰਦੇ ਹੋਏ ਰੇਡੀਓ ਤੰਤਰ ਦੇ ਜ਼ਰੀਏ ਸਭ ਕੁਝ ਠੀਕ-ਠਾਕ ਹੋਣ ਦੇ ਸੰਦੇਸ਼ੇ ਅਧਿਕਾਰੀਆਂ ਤੱਕ ਪਹੁੰਚਾਉਂਦੇ ਰਹਿੰਦੇ ਹਨ, ਠੀਕ ਉਸੇ ਤਰ੍ਹਾਂ ਹੀ ਪੰਛੀ ਵੀ ਆਪਣੇ ਸਾਥੀਆਂ ਨੂੰ ਚੌਕਸ ਕਰਨ ਦੇ ਲਈ ਵਿਸ਼ੇਸ਼ ਆਵਾਜ਼ ਕੱਢਦੇ ਹਨ। ਬ੍ਰਿਸਟਲ ਯੂਨੀਵਰਸਿਟੀ ਦੇ ਖੋਜਕਾਰਾਂ ਦੁਆਰਾ ਕੀਤੇ ਗਏ ਅਧਿਐਨ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਚਿੜੀਆਂ ਖ਼ਤਰਾ ਦੇਖ ਕੇ ਇਕ ਵਿਸ਼ੇਸ਼ ਗੀਤ ਗਾਉਂਦੀਆਂ ਹਨ ਤਾਂ ਜੋ ਦੋਸਤ ਮੁਸੀਬਤ ਦੀ ਸ਼ੰਕਾ ਨੂੰ ਦੇਖਦੇ ਹੋਏ ਜ਼ਿਆਦਾ ਦਾਣਾ-ਪਾਣੀ ਪ੍ਰਾਪਤ ਕਰ ਲੈਣ। ਮੁੱਖ ਖੋਜਕਾਰਾਂ ਐਂਡੀ ਰੈਡਫੋਰਡ ਨੇ ਕਿਹਾ ਕਿ ਇਹ ਆਪਸੀ ਸਹਿਯੋਗ ਦੀ ਅਦਭੁਤ ਉਦਾਹਰਣ ਹੈ। ਉਹਨਾਂ ਨੇ ਦੱਸਿਆ ਕਿ ਅਧਿਐਨ ਦੇ ਦੌਰਾਨ ਜਦੋਂ ਉਸ ਗੀਤ ਦੀ ਰਿਕਾਰਡਿੰਗ ਵਜਾਈ ਗਈ ਤਾਂ ਪਾਇਆ ਗਿਆ ਕਿ ਪੰਛੀ ਤੁਰੰਤ ਹਰਕਤ ਵਿਚ ਆਏ ਅਤੇ ਬਿਨਾਂ ਖ਼ਤਰੇ ਨੂੰ ਜਾਣੇ ਦਾਣਾ-ਪਾਣੀ ਬਟੋਰਨ ਵਿਚ ਲੱਗ ਗਏ।
ਇਹ ਅਧਿਐਨ ਦੱਖਣੀ ਅਫਰੀਕਾ ਵਿਚ ਪਾਈ ਜਾਣ ਵਾਲੀ 'ਪੀਡ ਬਬਲਰ‘ ਨਾਮੀ ਪ੍ਰਜਾਤੀ ਦੀਆਂ ਚਿੜੀਆਂ ‘ਤੇ ਕੀਤਾ ਗਿਆ। ਇਹ ਛੇ ਜਾਂ ਸੱਤ ਦੇ ਗਰੁੱਪ ਵਿਚ ਰਹਿੰਦੀਆਂ ਹਨ ਅਤੇ ਵਾਰੀ ਵਾਰੀ ਚੌਂਕੀਦਾਰ ਦੀ ਭੂਮਿਕਾ ਨਿਭਾਉਂਦੀਆਂ ਹਨ। ਇਸ ਅਧਿਐਨ ਦੇ ਨਤੀਜੇ ਜਰਨਲ 'ਕਰੰਟ ਬਾਇਓਲਾਜੀ‘ ਅਤੇ 'ਸੇਲ‘ ਦੇ ਤਾਜ਼ਾ ਅੰਕ ਵਿਚ ਪ੍ਰਕਾਸ਼ਿਤ ਹੋਏ ਹਨ। ਕੁਝ ਦਿਨ ਪਹਿਲਾਂ ਆਏ ਇਕ ਅਧਿਐਨ ਵਿਚ ਕਿਹਾ ਗਿਆ ਸੀ ਕਿ ਬਾਂਦਰ ਬੋਲਦੇ ਹਨ, ਆਪਣੀ ਭਾਸ਼ਾ ਦੇ ਅਨੋਖੇ ਸੰਕੇਤਾਂ ਨਾਲ ਉਹ ਸਾਥੀਆਂ ਨਾਲ ਗੱਲ ਕਰਦੇ ਹਨ।
|