|
ਕੈਪਟਨ ਸਮਰਥਕ ਤਿੰਨ ਵਿਧਾਇਕਾਂ ਨੇ ਬੀਰਦਵਿੰਦਰ ਸਿੰਘ ਨੂੰ ਘੇਰਿਆ |
|
Saturday, 19 April 2008 |
ਬਠਿੰਡਾ- ਐਨ ਚੋਣਾਂ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੀ ਪ੍ਰਧਾਨ ਬੀਬੀ ਰਜਿੰਦਰ ਕੌਰ ਭੱਠਲ ਵਿਚਕਾਰ ਸ਼ੁਰੂ ਹੋਈ ਸ਼ਬਦੀ ਜੰਗ ਹੋਰ ਤੇਜ਼ ਹੋ ਗਈ ਹੈ। ਉਕਤ ਦੋਨਾਂ ਆਗੂਆਂ ਵਲੋਂ ਇੱਕ ਦੂਜੇ ਵੱਲ ਅੱਗ ਦੇ ਗੋਲੇ ਸੁੱਟਣ ਤੋਂ ਬਾਅਦ ਹੁਣ ਇਨ੍ਹਾਂ ਦੀਆਂ ²ਫ਼ੌਜਾਂ ਵੀ ਅੱਗੇ ਆ ਗਈਆਂ ਹਨ। ਸਾਬਕਾ ਸਪੀਕਰ ਤੇ ਬੀਬੀ ਭੱਠਲ ਦੇ ਨਜ਼ਦੀਕੀ ਸ: ਬੀਰਦਵਿੰਦਰ ਸਿੰਘ ਵਲੋਂ ਬੀਤੇ ਕੱਲ ਸਾਬਕਾ ਮੁੱਖ ਮੰਤਰੀ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਪੜ੍ਹ ਕੇ ਕੈਪਟਨ ਦੇ ਬਠਿੰਡਾ ਜ਼ਿਲ੍ਹੇ ਵਿਚਲੇ ਤਿੰਨ ਸਮਰਥਕ ਵਿਧਾਇਕਾਂ ਨੇ ਸਾਬਕਾ ਸਪੀਕਰ ‘ਤੇ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਯਾਰੀਆਂ ਦੇ ਦੋਸ਼ ਲਾ ਦਿੱਤੇ ਹਨ। ਇੱਥੇ ਜਾਰੀ ਇੱਕ ਬਿਆਨ ਵਿਚ ਹਲਕਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ੍ਹ, ਪੱਕਾ ਕਲਾਂ ਦੇ ਮੱਖਣ ਸਿੰਘ ਅਤੇ ਨਥਾਣਾ ਦੇ ਅਜਾਇਬ ਸਿੰਘ ਭੱਟੀ ਨੇ ਬੀਰਦਵਿੰਦਰ ਸਿੰਘ ਦੀਆਂ ਟਿੱਪਣੀਆਂ ਨੂੰ ਗੈਰ-ਜੁੰਮੇਵਾਰਾਨਾ ਦੱਸਦੇ ਹੋਏ ਉਨ੍ਹਾਂ ਦੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਹੋਣ ‘ਤੇ ਵੀ ਕਿੰਤੂ ਕੀਤਾ ਹੈ। ਆਪਣੇ ਬਿਆਨ ਵਿਚ ਉਕਤ ਵਿਧਾਇਕਾਂ ਨੇ ਸਾਬਕਾ ਸਪੀਕਰ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਦੋਸਤੀ ਹੋਣ ਬਾਰੇ ਖੁਲਾਸਾ ਕਰਦੇ ਹੋਏ ਕਿਹਾ ਕਿ ਉਕਤ ਲੀਡਰ ਦੇ ਸ: ਬਾਦਲ ਨਾਲ ਕਿੰਨੇ ਨਿੱਘੇ ਸਬੰਧ ਹਨ, ਇਸ ਗੱਲ ਦਾ ਪਤਾ ਉਨ੍ਹਾਂ ਨੂੰ ਮੁੱਖ ਮੰਤਰੀ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਕਰਕੇ ਮਿਲੇ ਚਾਰ ਸੈਕਟਰ ਦੇ 33 ਨੰਬਰ ਫਲੈਟ ਤੋਂ ਲੱਗਦਾ ਹੈ। ਜਦੋਂ ਕਿ ਕਾਂਗਰਸ ਦੇ ਚਾਰ ਹੋਰ ਵਿਧਾਇਕਾਂ ਨੇ ਜਦੋਂ ਫਲੈਟ ਲੈਣ ਲਈ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਸੀ ਤਾਂ ਉਨ੍ਹਾਂ ਸਪੱਸ਼ਟ ਤੌਰ ਤੇ ਦਖ਼ਲ-ਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਤਿੰਨਾਂ ਵਿਧਾਇਕਾਂ ਨੇ ਅੱਗੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਆਪ ਤਾਂ ਬੀਰਦਵਿੰਦਰ ਸਿੰਘ ਵਰਗੇ ਆਗੂ ਦੂਸਰਿਆਂ ਨੂੰ ਪ੍ਰੈਸ ਵਿਚ ਨਾ ਜਾਣ ਦੀਆਂ ਸਲਾਹਾਂ ਦਿੰਦੇ ਹਨ ਤੇ ਪਰ ਆਪ ਹੋਰ ਰੋਜ਼ ਹੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸ਼ਰਮਨਾਕ ਪੱਧਰ ਦੀ ਬਿਆਨਬਾਜ਼ੀ ਕਰ ਰਹੇ ਹਨ।
|