|
ਨਾਰਵੇ ਵਿਚ ਵੀ ਪੰਜਾਬੀਆਂ ਦੀ ਬੱਲੇ-ਬੱਲੇ |
|
Tuesday, 22 April 2008 |
|
ਓਸਲੋ- ਹਾਲਾਂਕਿ ਉਹ 32 ਸਾਲ ਪਹਿਲਾਂ ਜਲੰਧਰ ਛੱਡ ਕੇ ਯੂਰਪ ਵਿਚ ਜਾ ਵੱਸੀ ਹੈ, ਫਿਰ ਵੀ ਉਹ ਸਿਰ ‘ਤੇ ਚੁੰਨੀ ਲੈਂਦੀ ਹੈ ਅਤੇ ਪੰਜਾਬੀ ਵਿਚ ਗੱਲਬਾਤ ਕਰਦੀ ਹੈ। ਓਸਲੋ ਕਮਿਊਨ ਦੀ ਮੈਂਬਰ 53 ਸਾਲਾ ਬਲਵਿੰਦਰ ਕੌਰ ਕਹਿੰਦੀ ਹੈ, ਮੇਰਾ ਕੰਮ ਤਾਂ ਹਾਲੇ ਸ਼ੁਰੂ ਹੋਇਆ ਹੈ। ਨਾਰਵੇ ਵਿਚ ਆਪਣੇ ਲੋਕਾਂ ਦੇ ਲਈ ਮੈਨੂੰ ਬਹੁਤ ਕੰਮ ਕਰਨਾ ਹੋਵੇਗਾ। ਪੇਸ਼ੇ ਤੋਂ ਅਧਿਆਪਕ ਬਲਵਿੰਦਰ ਨੇ ਦੱਸਿਆ ਕਿ ਮੈਂ ਜਲੰਧਰ ਤੋਂ ਪਹਿਲਾਂ ਯੂ. ਕੇ. ਗਈ ਸੀ। ਉਥੇ ਪੰਜ ਸਾਲ ਰਹਿਣ ਤੋਂ ਬਾਅਦ 1980 ਵਿਚ ਪਰਿਵਾਰ ਦੇ ਨਾਲ ਇੱਥੇ ਆ ਗਈ ਸੀ। ਕੁਝ ਸਾਲਾਂ ਤੋਂ ਇੱਥੇ ਕਾਫੀ ਪੰਜਾਬੀ ਪਹੁੰਚ ਰਹੇ ਹਨ। ਉਹਨਾਂ ਵਿਚੋਂ ਕਈਆਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਮੈਂ ਉਹਨਾਂ ਦੀ ਮਦਦ ਕਰਨ ਦੇ ਲਈ ਚੋਣਾਂ ਲੜਨ ਦਾ ਫੈਸਲਾ ਕੀਤਾ।
ਉਹ ਪਿਛਲੇ ਸਾਲ ਅਕਤੂਬਰ ਵਿਚ ਚੋਣਾਂ ਜਿੱਤੀ ਸੀ। ਉਹ ਸੋਸ਼ਲਿਸਟ ਲੈਫਟ ਪਾਰਟੀ ਨਾਲ ਸਬੰਧਤ ਹੈ। ਨਾਰਵੇ ਸੰਸਦ ਦੀਆਂ 169 ਸੀਟਾਂ ਵਿਚ ਉਹਨਾਂ ਦੀ ਪਾਰਟੀ ਦੀਆਂ 15 ਸੀਟਾਂ ਹਨ ਅਤੇ ਓਸਲੋ ਨਗਰਪਾਲਿਕਾ ਦੀਆਂ 59 ਸੀਟਾਂ ਵਿਚੋਂ 6 ਸੀਟਾਂ ਤੇ ਉਹਨਾਂ ਦੀ ਪਾਰਟੀ ਦੇ ਮੈਂਬਰ ਬਿਰਾਜਮਾਨ ਹਨ। ਓਸਲੇ ਵਿਚ ਕਰੀਬ ਤਿੰਨ ਹਜ਼ਾਰ ਪੰਜਾਬੀ ਰਹਿੰਦੇ ਹਨ, ਜਦਕਿ ਸਮੁੱਚੇ ਨਾਰਵੇ ਵਿਚ ਇਹਨਾਂ ਦੀ ਗਿਣਤੀ 6000 ਹੈ। ਸਥਾਨਕ ਸੰਸਥਾਵਾਂ ਵਿਚ ਉਹਨਾਂ ਦੀ ਪ੍ਰਤੀਨਿਧਤਾ ਵੀ ਇਸੇ ਅਨੁਪਾਤ ਵਿਚ ਵਧੀ ਹੈ। ਮੁਲਕ ਵਿਚ ਪੰਜਾਬੀਆਂ ਅਤੇ ਭਾਰਤੀਆਂ ਦਾ ਰਿਕਾਰਡ ਰੱਖਣ ਵਾਲੇ ਸੁਰਜੀਤ ਸਿੰਘ ਜੋ 'ਇੰਡੀਅਨ ਵੈਲਫੇਅਰ ਸੁਸਾਇਟੀ ਾਫ ਨਾਰਵੇ‘ ਨਾਲ ਜੁੜੇ ਹਨ, ਨੇ ਦੱਸਿਆ ਕਿ ਪਿਛਲੇ ਸਾਲ ਵੱਖ ਵੱਖ ਨਗਰ ਪਾਲਿਕਾਵਾਂ ਦੇ ਲਈ ਘੱਟ ਤੋਂ ਘੱਟ ਅੱਠ ਭਾਰਤੀ ਚੁਣੇ ਜਾ ਚੁੱਕੇ ਹਨ। ਪਿਛਲੇ ਸਾਲ ਨਾਰਵੇ ਵਿਚ ਵਿਦੇਸ਼ੀ ਸਕਿੱਲਡ ਪ੍ਰੋਫੈਸ਼ਨਲਜ਼ ਦੀ ਸੂਚੀ ਵਿਚ ਭਾਰਤੀ ਸਭ ਤੋਂ ਉਪਰ ਸਨ। ਇਸਮੁਲਕ ਵਿਚ 618 ਪ੍ਰੋਫੈਸ਼ਨਲ ਭਾਰਤੀ ਕੰਮ ਕਰ ਰਹੇ ਹਨ। ਦੂਜੇ ਪਾਸੇ ਬਲਵਿੰਦਰ ਕੌਰ ਆਪਣੀ ਐਸ. ਵੀ. ਪਾਰਟੀ ਵਿਚ ਆਪਣੇ ਲਈ ਵਧੀਆ ਫਿਊਚਰ ਦੇਖ ਰਹੀ ਹੈ। ਉਹਨਾਂ ਨੇ ਕਿਹਾ- ਮੇਰੇ ਸਾਰੇ ਸਾਥੀ ਮੈਂਬਰ ਮੇਰੇ ਸੰਸਕ੍ਰਿਤਕ ਰੀਤੀ-ਰਿਵਾਜਾਂ ਨਾਲ ਬੜੇ ਸੌਖੇ ਮਹਿਸੂਸ ਕਰਦੇ ਹਨ। ਮੈਂ ਟਾਊਨਹਾਲ ਵਿਚ ਜਦੋਂ ਚੁੰਨੀ ਨਾਲ ਸਿਰ ਢਕ ਕੇ ਜਾਂਦੀ ਹਾਂ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਇਸੇ ਪ੍ਰਕਾਰ ਕਈ ਹੋਰ ਸਿੱਖ ਵੀ ਅਜਿਹਾ ਹੀ ਕਰਦੇ ਹਨ। ਸਮਾਜ ਵਿਚ ਪੰਜਾਬੀਆਂ ਦੀ ਵਧਦੀ ਭੂਮਿਕਾ ਨਾਰਵੇ ਦੇ ਲੋਕਾਂ ਨੂੰ ਸਵੀਕਾਰ ਹੈ। ਇਸ ਕਰਕੇ ਵੀ ਉਹਨਾਂ ਦਾ ਪ੍ਰਭਾਵ ਵੱਧ ਰਿਹਾ ਹੈ।
|