|
ਤਣਾਅ ਵਧਣ ਨਾਲ ਸਿਹਤ ਦੇ ਲਈ ਖ਼ਤਰਾ |
|
Thursday, 24 April 2008 |
ਵਾਸ਼ਿੰਗਟਨ- ਦਫਤਰ ਵਿਚ ਸਾਰਾ ਦਿਨ ਰੱਜ ਕੇ ਮਿਹਨਤ ਕਰਨ ਤੋਂ ਬਾਅਦ ਵੀ ਘਰ ਪਹੁੰਚਣ ‘ਤੇ ਜੇਕਰ ਬੌਸ ਦੇ ਰਵੱਈਏ ਤੋਂ ਮਨ ਖਰਾਬ ਹੋਣ ਦੇ ਕਾਰਨ ਚੈਨ ਨਾਲ ਸੌਣ ਦੀ ਤਮੰਨਾ ਤਾਰ-ਤਾਰ ਹੋ ਜਾਵੇ ਤਾਂ ਸਮਝੋ ਤੁਹਾਡੀ ਸਿਹਤ ਦੇ ਲਈ ਖ਼ਤਰੇ ਦੀ ਘੰਟੀ ਵੱਜ ਰਹੀ ਹੈ। ਅਜਿਹੇ ਵਿਚ ਚੰਗਾ ਹੋਵੇਗਾ ਕਿ ਕਿਸੇ ਮਨੋਵਿਗਿਆਨਕ ਦੀ ਮਦਦ ਲੈ ਕੇ ਤੁਸੀਂ ਆਫਿਸ ਵਿਚ ਸਹਿਯੋਗੀਆਂ ਦੇ ਵਿਵਹਾਰ ਅਤੇ ਕੰਮ ਦੇ ਦਬਾਅ ਤੋਂ ਪੈਦਾ ਹੋਈ ਪ੍ਰੇਸ਼ਾਨੀ ਅਤੇ ਤਣਾਅ ਤੋਂ ਛੁਟਕਾਰਾ ਪਾਉਣ ਦਾ ਰਸਤਾ ਲੱਭ ਲਓ।
ਹਾਲ ਹੀ ਵਿਚ ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਕੰਮ ਵਾਲੀ ਥਾਂ ਦੀਆਂ ਪ੍ਰੇਸ਼ਾਨੀਆਂ ਅਤੇ ਸਹਿਯੋਗੀਆਂ ਦੇ ਨਾਲ ਵਿਵਾਦ ਵਿਅਕਤੀ ਦਾ ਪਿੱਛੇ ਕਰਦੇ-ਕਰਦੇ ਘਰ ਤੱਕ ਚਲੇ ਆਉਂਦੇ ਹਨ। ਇੱਥੋਂ ਤੱਕ ਕਿ ਜਦੋਂ ਵਿਅਕਤੀ ਸੌਣ ਦੇ ਲਈ ਬਿਸਤਰ ‘ਤੇ ਪਹੁੰਚਦਾ ਹੈ ਤਾਂ ਉਸਦੀ ਨੀਂਦ ਵਿਚ ਵੀ ਅੜਿੱਕਾ ਪੈਦਾ ਹੁੰਦਾ ਹੈ। ਦਸ ਸਾਲ ਤੱਕ ਕੀਤੇ ਗਏ ਇਸ ਅਧਿਐਨ ਵਿਚ ਕੁੱਲ 23 ਸੌ ਲੋਕਾਂ ‘ਤੇ ਅਧਿਐਨ ਕੀਤਾ ਗਿਆ। ਇਹਨਾਂ ਵਿਚੋਂ ਅੱਧੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵਿਚ ਚੈਨ ਨਾਲ ਨਾ ਸੌਂ ਸਕਣ ਦੀ ਸ਼ਿਕਾਇਤ ਕੀਤੀ। ਪੜਤਾਲ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਜਿਹਨਾਂ ਲੋਕਾਂ ਦਾ ਕੰਮਕਾਜ ਅਤੇ ਸੌਣ ਦਾ ਢੰਗ ਸਹੀ ਨਹੀਂ ਹੈ, ਉਹਨਾਂ ਨੂੰ ਇਸ ਕਿਸਮ ਦੀ ਸ਼ਿਕਾਇਤ ਜ਼ਿਆਦਾ ਰਹਿੰਦੀ ਹੈ। ਜੋ ਲੋਕ ਉਦਾਸ ਸਨ ਜਾਂ ਕਿਸੇ ਕਾਰਨ ਵੱਸ ਕੰਮ ਵਾਲੀ ਥਾਂ ‘ਤੇ ਚਿੰਤਤ ਸਨ, ਜਿਹਨਾਂ ਦਾ ਆਪਣੇ ਸਹਿਯੋਗੀਆਂ ਜਾਂ ਬੌਸ ਦੇ ਨਾਲ ਨਿੱਜੀ ਵਿਵਾਦ ਸੀ, ਉਹਨਾਂ ਨੂੰ ਨੀਂਦ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋਣ ਦਾ ਖ਼ਤਰਾ 1.7 ਗੁਣਾਂ ਜ਼ਿਆਦਾ ਰਹਿੰਦਾ ਸੀ। ਸਮਾਜ ਸ਼ਾਸਤਰੀ ਸਾਰਾ ਬਰਗਾਰਡ ਕਹਿੰਦੀ ਹੈ ਕਿ ਪਿਛਲੇ ਪੰਜ ਦਹਾਕਿਆਂ ਦੇ ਅੰਦਰ ਆਈਆਂ ਤਬਦੀਲੀਆਂ ਦੇ ਕਾਰਨ ਕੰਮ ਵਾਲੀ ਥਾਂ ਦਾਮਾਹੌਲ ਇੱਕਦਮ ਬਦਲ ਚੁੱਕਾ ਹੈ। ਇਸ ਤਬਦੀਲੀ ਦਾ ਸਭ ਤੋਂ ਜ਼ਿਆਦਾ ਅਸਰ ਵਿਅਕਤੀ ਦੀ ਨੀਂਦ ‘ਤੇ ਪਿਆ ਹੈ। ਕਈ ਕਰਮਚਾਰੀਆਂ ਨੂੰ ਮਨੋਵਿਗਿਆਨਕ ਤਣਾਅ ਦੇ ਕਾਰਨ ਸਰੀਰਕ ਨੁਕਸਾਨ ਸਹਿਣ ਕਰਨਾ ਪਿਆ ਹੈ। ਪਹਿਲਾਂ ਦੇ ਅਧਿਐਨ ਵਿਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਘੱਟ ਨੀਂਦ ਲੈਣ ਨਾਲ ਸੜਕ ਦੁਰਘਟਨਾ, ਸਿਹਤ ਵਿਕਾਰ, ਲੰਮੀ ਬਿਮਾਰੀਆਂ ਅਤੇ ਜਲਦੀ ਮਰਨ ਦਾ ਖ਼ਤਰਾ ਵੱਧ ਜਾਂਦਾ ਹੈ। ਮੌਜੂਦਾ ਅਧਿਐਨ ਸਾਇੰਸ ਡੇਲੀ ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਪ੍ਰਕਾਰ ਪਰਿਵਾਰਕ ਵਿਵਾਦ, ਲਿੰਗ, ਸਿੱਖਿਆ ਅਤੇ ਨੌਕਰੀ ਦੀ ਸਥਿਤੀ ਕੰਮ ਅਤੇ ਨੀਂਦ ਦੇ ਸਬੰਧ ਨੂੰ ਵਿਗਾੜ ਦਿੰਦੀ ਹੈ।
|