|
 ਹੇਵਰਡ (ਸਰਬਜੋਤ ਸਿੰਘ ਸਵੱਦੀ ) “ਪੰਜਾਬ ਲੋਕ ਰੰਗ ” ਸੰਸਥਾ ਦੀ ਰਹਿਣਮਾਈ ਹੇਠ,ਪ੍ਰੋ ਸਰਬਜੀਤ ਸਿੰਘ ਔਲਖ ਵਲੋਂ ਲਿਖਿਆ ਅਤੇ ਸੁਰਿੰਦਰ ਸਿੰਘ ਧਨੋਆ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ,ਪੰਜਾਬ ਦੇ ਸਭਿਆਚਾਰ ਨਾਲ ਸਬੰਧਤ ਪੰਜਾਬੀ ਨਾਟਕ “ਸਰਦਲ ਦੇ ਆਰ ਪਾਰ” ਜੂਨ ਮਹੀਨੇ ਦੇ ਅਖੀਰਲੇ ਹਫਤੇ ਕੈਲੇਫੋਰਨੀਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖੇਡਿਆ ਜਾਵੇਗਾ। ਇਸ ਨਾਟਕ ਵਿੱਚ ਪੰਜਾਬੀ ਪਰਿਵਾਰਾ ਦੀ ਰੋਜ਼ਮਰਾ ਜਿੰਦਗੀ ਵਿੱਚ ਕਿਸ ਤਰਾਂ ਦੇ ਬਦਲਾਅ ਆਉਦੇ ਹਨ। ਅਤੇ ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਆ ਕੇ ਵਸੇ ਪੰਜਾਬੀ ਪਰਿਵਾਰਾਂ ਦੀ ਨਵੀਂ ਪੀੜ੍ਹੀ ਦਾ ਵੱਡਾ ਵਖਰੇਵਾਂ ਅਤੇ ਪੱਛਮੀ ਸਭਿਅਤਾ ਵਿੱਚ ਗੜੁੱਚ ਹੋ ਕੇ ਪੰਜਾਬੀ ਸਭਿਆਚਾਰ ਦੇ ਕਾਇਦੇ ਕਨੂੰਨਾਂ ਨੂੰ ਹੀ ਭੁੱਲ ਜਾਣਾ। ਇਸ ਤਰਾਂ ਦੇ ਪਰਿਵਾਰਕ ਜੀਵਨ ਦੇ ਅਧਾਰਤ ਹੀ ਇਹ ਨਾਟਕ ਤਿਆਰ ਕੀਤਾ ਗਿਆ ਹੈ। ਇਸ ਨਾਟਕ ਨੂੰ ਵੱਡੇ ਪੱਧਰ ਤੇ ਖੇਡਣ ਲਈ, “ ਪੰਜਾਬ ਲੋਕ ਰੰਗ” ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੇਵਰਡ ਵਿੱਚ ਹੋਈ ਅਤੇ ਇਸ ਮੀਟਿੰਗ ਵਿੱਚ ਨਾਟਕ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ,ਸਹਿਤਕਾਰਾਂ, ਪੱਤਰਕਾਰਾਂ ਅਤੇ ਹੋਰ ਲਿਖਾਰੀਆਂ ਨੇ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸੁਰਿੰਦਰ ਸਿੰਘ ਧਨੋਆ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਬੇ-ਸ਼ੁਮਾਰ ਹਿੰਦੀ ਪੰਜਾਬੀ ਟੀ ਵੀ ਚੈਨਲਾਂ ਵਲੋਂ ਪੰਜਾਬੀ ਸਭਿਆਚਾਰ ਨੂੰ ਵਗਾੜਿਆ ਜਾ ਰਿਹਾ ਹੈ। ਅਜਿਹੇ ਪੰਜਾਬੀ ਕਲਾਕਾਰਾਂ ਨੂੰ ਦਿਖਾਇਆ ਜਾ ਰਿਹਾ ਹੈ ਜਿੰਨਾਂ ਨੂੰ ਪੰਜਾਬ ਦੇ ਅਮੀਰ ਸਭਿਆਚਾਰ ਦਾ ਉਕਾ ਹੀ ਗਿਆਨ ਨਹੀਂ ਅਤੇ ਨਾਂ ਹੀ ਉਨਾਂ ਨੂੰ ਕਲਾ ਬਾਰੇ ਹੀ ਕੋਈ ਗਿਆਨ ਹੈ ਅਜਿਹੇ ਕਲਾਕਾਰਾਂ ਨੇ ਪੰਜਾਬ ਦੇ ਲੋਕ ਗੀਤਾਂ ਦੀ ਨੁਹਾਰ ਨੂੰ ਬਦਲ ਦਿੱਤਾ ਹੈ, ਇਸ ਤੋ ਇਲਾਵਾ ਘਟੀਆ ਕਿਸਮ ਦੇ ਸੀਰੀਅਲ ਦਿਖਾ ਕੇ ਪਰਿਵਾਰਾਂ ਵਿੱਚ ਲੜਾਈਆਂ, ਪਵਾ ਦਿੱਤੀਆਂ ਹਨ। ਪਰ ਅਸੀਂ ਇਸ ਤਰਾਂ ਦੇ ਨਾਟਕ ਖੇਡ ਕੇ ਲੋਕਾਂ ਦਾ ਧਿਆਨ ਬਦਲ ਕੇ ਲੋਕਾਂ ਨੂੰ ਪੰਜਾਬੀ ਸਭਿਅਚਾਰ ਵੱਲ ਖਿਚਾਗੇ। ਇਸ ਸਮੇਂ ਸਿੱਖ ਵਿਦਵਾਨ ਤਰਲੋਚਨ ਸਿੰਘ ਦੁਪਾਲਪੁਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਹਾਸ ਨਾਲ ਸਬੰਧਤ ਹਵਾਲਾ ਦਿੰਦਿਆਂ ਕਿਹਾ ਕਿ,ਭੰਡਾਂ ਵਲੋਂ ਗੁਰੂ ਦਰਬਾਰ ਵਿੱਚ ਨਾਟਕ ਖੇਡ ਕੇ ਮਸੰਦਾ ਵਲੋਂ ਜੋ ਸਿੱਖ ਸੰਗਤ ਦੀ ਲੁੱਟ ਮਚਾਈ ਸੀ,ਉਸ ਨੂੰ ਪੇਸ਼ ਕਰਕੇ ਮਸੰਦਾ ਦਾ ਅਸਲੀ ਚੇਹਰਾ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਪੇਸ਼ ਕੀਤਾ ਸੀ। ਅਤੇ ਇਸ ਤੋਂ ਬਾਅਦ ਹੀ ਗੁਰੂ ਸਾਹਿਬ ਨੇ ਮਸੰਦਾ ਨੂੰ ਤੇਲ ਦੇ ਕੜਾਹਿਆ ਵਿੱਚ ਸੁੱਟਣ ਦਾ ਫੈਸਲਾ ਕੀਤਾ ਸੀ। ਅੱਜ ਵੀ ਹਾਲਤ ਇਹੀ ਬਣ ਗਏ ਹਨ,ਕਿ ਮਸੰਦਾ ਦੀ ਥਾਂ ਸੰਤ ਪੈਦਾ ਹੋ ਗਏ ਹਨ ਅਤੇ ਸਿੱਖ ਸੰਗਤ ਦੀ ਲੁੱਟ ਮਚਾ ਰਹੇ ਹਨ। ਹੁਣ ਇਨਾਂ ਸੰਤਾਂ ਬਾਰੇ ਵੀ ਸੋਚਣਾ ਪਵੇਗਾ। ਉਨਾਂ ਕਿਹਾ ਕਿ ਨਾਟਕਾਂ ਰਾਂਹੀ ਧਾਰਮਿਕ,ਸਮਾਜਿਕ,ਅਤੇ ਰਾਜਨੀਤਕ ਤੌਰ ਤੇ ਵੱਡੀ ਤਬਦੀਲੀ ਲਿਆਂਦੀ ਜਾ ਸਕਦੀ ਹੈ। ਪ੍ਰਸਿੱਧ ਕਾਲਮ ਨਵੀਸ ਐਸ ਅਸ਼ੋਕ ਭੋਰਾ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪੰਜਾਬੀ ਸਭਿਆਚਾਰ ਨਾਲ ਜੁੜੇ ਹੋਏ ਹਨ। ਅਤੇ ਮੈਂ ਹਰ ਨਵੇਂ-ਪੁਰਾਣੇ ਪੰਜਾਬੀ ਕਲਾਕਾਰ ਨਾਲ ਸਟੇਜ਼ਾਂ ਸਾਝੀਆਂ ਕੀਤੀਆਂ ਹਨ। ਪਰ ਅੱਜ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਬੋਲੀ ਲਈ ਮੈਨੂੰ ਜੋ ਖ਼ਤਰਾ ਮਹਿਸੂਸ ਹੋ ਰਿਹਾ ਹੈ। ਉਹ ਕੋਈ ਅਥ ਕਥਨੀ ਨਹੀਂ ਹੈ। ਜਿਸ ਤਰੀਕੇ ਨਾਲ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਬੋਲੀ ਵਿੱਚ ਰਲਗੰਡ ਹੋ ਰਹੀ ਹੈ ਅਤੇ ਨੋਜਵਾਨ ਪੰਜਾਬੀ ਪੀੜੀ ਵਲੋਂ ਪੰਜਾਬੀ ਤੋਂ ਮੁੱਖ ਮੋੜਨਾ, ਇਹ ਸਭ ਕੁੱਝ ਖਤਰੇ ਤੋਂ ਖਾਲੀ ਨਹੀਂ। ਇਸ ਤੋਂ ਬਾਅਦ ਇਸ ਨਾਟਕ ਦੇ ਮਿਊਜ਼ਕ ਡਰਾਇਕਟਰ ਕੁਲਦੀਪ ਸਿੰਘ, ਤੋਂ ਇਲਾਵਾ ਨਾਟਕ ਵਿੱਚ ਗੀਤ ਗਾਉਣ ਵਾਲੇ ਕਲਾਕਾਰਾਂ ਜਤਿੰਦਰ ਸਿੰਘ ਜਰਗੀਆਂ,ਬੀਬੀ ਈਸ਼ਮੀਤ ਕੌਰ ਨਰੂਲਾ, ਅਤੇ ਜਸਵਿੰਦਰ ਕੌਰ ਨੇ ਕੁਝ ਗੀਤ ਗਾਏ। ਇਸ ਮੀਟਿੰਗ ਦੇ ਅਖੀਰਲੇ ਪਲਾਂ ਵਿੱਚ ਬੀਬੀ ਜਸਵਿੰਦਰ ਕੌਰ ਧਨੋਆ ਨੇ ਇੱਕ ਸੰਤ ਬਾਬੇ ਦੀ ਵਿਅੰਗ ਮਈ ਕਹਾਣੀ, ਕਿ ਸੰਤ ਬਾਬੇ ਗੱਲੀ-ਬਾਤੀ ਕਿਵੇਂ ਲੋਕਾਂ ਨੂੰ ਭਰਮਾਉਦੇ ਹਨ,ਸੁਣਾ ਕੇ ਸਭ ਨੂੰ ਲੋਟ ਪੋਟ ਕੀਤਾ। ਇਸ ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਬਲਬੀਰ ਸਿੰਘ ਐਮ ਏ, ਸੰਦੀਪ ਸਿੰਘ ਚਾਹਲ,ਗੁਰਜੰਟ ਸਿੰਘ,ਜਗਤਾਰ ਸਿੰਘ ਗਿੱਲ,ਸਤਨਾਮ ਸਿੰਘ,ਬਲਜੀਵਨ ਦਾਸ,ਅਸ਼ੋਕ ਤਾਂਗੜੀ,ਮਨਜੀਤ ਸਿੰਘ ਚਾਹਲ,ਜਸਪਾਲ ਸਿੰਘ ਮਾਨ,ਜਸਵਿੰਦਰ ਕੌਰ ਬੀਸਲਾ,ਮਨਜੀਤ ਕੌਰ,ਨਰਿੰਦਰ ਕੌਰ,ਜ਼ੀਨਾ,ਨੀਨਾ ਅਤੇ ਡਿੰਪਲ ਨੇ ਹਿੱਸਾ ਲਿਆ।
|