|
ਸੈਨਹੋਜ਼ੇ ( ਸਰਬਜੋਤ ਸਿੰਘ ਸਵੱਦੀ ) ਕਪਾਹ ਦੀਆਂ ਫੁੱਟੀਆਂ ਵਾਂਗ ਦੁੱਧ-ਚਿੱਟਾ ਖਿੜਿਆ ਹੋਇਆ ਸ਼ਨੀਵਾਰ ਦਾ ਦਿਨ,ਸੈਟਾਂ ਕਲਾਰਾ ਕਾਊਂਟੀ ਦੀ ਖੁਲ੍ਹੀ ਗਰਾਉਂਡ ਵਿੱਚ ਸਜਿਆ ਹੋਇਆ ਪੰਜਾਬੀਆਂ ਦੇ ਦਿਲਾਂ ਦਾ ਜਾਨੀ ਵਿਸਾਖੀ ਮੇਲਾ,ਪਾਰਕਿੰਗ ਵਿੱਚ ਗੱਡੀਆਂ ਖੜ੍ਹਾ ਕੇ ਕਾਹਲੀ ਕਾਹਲੀ ਕਦਮ ਪੁੱਟਦੇ ਹਜ਼ਾਰਾਂ ਦੀ ਤਦਾਦ ਵਿੱਚ ਲੋਕ ਮੇਲੇ ਦੇ ਵਗਦੇ ਦਰਿਆ ਵਿੱਚ ਸ਼ਾਮਲ ਹੋਏ। ਪੰਜਾਬੀ ਇਉੁਂ ਭੁਲੇਖਾ ਪਾਉਂਦੇ ਸਨ ਜਿਵੇਂ ਕਿਤੇ ਇਹ ਸੱਤ ਸਮੁੰਦਰੋਂ ਪਾਰ ਦੀ ਧਰਤੀ ਨਹੀਂ ਸਗੋਂ ਛਪਾਰ ਦਾ ਮੇਲਾ ਜਾਂ ਜਗਰਾਵਾਂ ਦੀ ਰੌਸ਼ਨੀ ਹੋਵੇ। ਇੱਕ ਪਾਸੇ ਫਰਕਦੇ ਡੌਲਿ਼ਆਂ ਵਾਲੇ ਚੋਬਰ ਕਬੱਡੀ ਦੇ ਜੌਹਰ ਦਿਖਾ ਰਹੇ ਸਨ,ਤੇ ਢੋਲ ਉੱਪਰ ਡਗੇ ਦੀ ਅਵਾਜ਼ ਤੇ ਉਭਰਦਿਆਂ ਹੀ ਮਾਈਕ ਤੇ, ਐਸ ਅਸ਼ੋਕ ਭੌਰਾ,ਦਰਿਆਵਾਂ ਦੀ ਰਵਾਨੀ ਵਾਂਗ ਸ਼ੇਅਰੋ-ਸਾਇਰੀ ਕਰਦਾ ਹੋਇਆ ਗਭਰੂਆਂ ਨੂੰ ਹੱਲਾ-ਸ਼ੇਰੀ ਦੇਈ ਜਾ ਰਿਹਾ ਹੈ। ਕੁੰਡੀਆਂ ਦੇ ਸਿੰਗ ਫਸ ਗਏ---! ਯਾਰ ਬੇਲੀ ਸਾਹ ਰੋਕ ਕੇ ਕਬੱਡੀ ਦੇ ਜੱਫੇ-ਕੈਂਚੀਆਂ ਦੇਖ ਰਹੇ ਸਨ। ਉੱਧਰ ਹਾਲ ਵਿੱਚ ਈਸਟ-ਕੋਸਟ ਤੋਂ ਆਇਆ ਹਰ ਦਿਲ-ਅਜ਼ੀਜ ਹੋਸਟ,ਰਾਵੀ ਟੀ ਵੀ ਵਾਲਾ ਹਰਵਿੰਦਰ ਰਿਆੜ ਆਪਣੀ ਮਨ ਮੋਹਕ ਅਵਾਜ਼ ਅਤੇ ਸ਼ਇਰਾਨਾਂ ਅੰਦਾਜ਼ ਨਾਲ ਗਿੱਧੇ-ਭੰਗੜੇ ਪੁਆਈ ਜਾ ਰਿਹਾ,ਇਉ ਜਾਪਦਾ ਸੀ ਕਿ ਰਿਆੜ ਤੇ ਭੌਰਾ ਹੀ ਮੇਲੇ ਨੂੰ ‘ਰਿਮੋਟ ਕੰਟਰੋਲ’ ਨਾਲ ਚਲਾ ਰਹੇ ਹੋਣ, ਰੰਗ ਬਰੰਗੀਆਂ-ਪੁਸ਼ਾਕਾਂ “ਖਾਲਸਾ” ਅਤੇ ਖੰਡੇ-ਕਿਰਪਾਨਾਂ ਵਾਲੀਆਂ ਟੀ-ਸ਼ਰਟਾਂ ਵਾਲੇ ਨੋਜਵਾਨ ਮੇਲੇ ਦੀ ਰੌਣਕ ਨੂੰ ਹੋਰ ਚਾਰ ਚੰਨ ਲਾ ਰਹੇ ਸਨ। ਗਿੱਧੇ ਭੰਗੜਿਆ ਦੀਆਂ ਟੀਮਾਂ ਨੇ ਵੀ ਕਮਾਲ ਹੀ ਕਰ ਦਿੱਤੀ। ਮੇਲੇ ਦੀ ਸ਼ੂਰਆਤ ਸਮੇਂ ਕਾਊਂਟੀ ਸੁਪਰਵਾਈਜ਼ਰ ਪੀਟ ਮਿਕੂੳ ਨੇ ਵਿਸਾਖੀ ਦੀ ਵਧਾਈ ਦਿੰਦਿਆਂ,ਆਪਣੀ ਬਾਂਹ ਵਿੱਚ ਪਿੱਛਲੇ 13 ਸਾਲ ਤੋਂ ਪਇਆ ਕੜਾ ਬਾਂਹ ਉੱਪਰ ਕਰਕੇ ਦਿਖਾਇਆ ਤਾਂ ਪੰਜਾਬੀਆਂ ਨੇ ਤਾਲੀਆਂ ਨਾਲ ਹਾਲ ਨੂੰ ਗੂੰਜਾਂ ਦਿਤਾ। ਇਸ ਤੋਂ ਬਾਅਦ ਸੈਨਹੋਜ਼ੇ ਦੇ ਵਾਈਸ ਮੇਅਰ ਡੇਵ ਕੁਰਟੀਜ਼,ਭੁਪਿੰਦਰ ਸਿੰਘ ਢਿੱਲੋਂ,ਬਾਬ ਗਿੱਲ,ਭਾਈ ਰਾਮ ਸਿੰਘ,ਤਰਲੋਚਨ ਸਿੰਘ ਦੁਪਾਲਪੁਰ,ਜਗਧੀਰ ਸਿੰਘ ਕਾਤਰੋਂ ਅਤੇ ਸੁਖਦੇਵ ਸਿੰਘ ਬੈਣੀਵਾਲ ਨੇ ਆਪਣੇ ਵਿਚਾਰ ਪੇਸ਼ ਕੀਤੇ।
ਕੈਲੇਫੋਰਨੀਆਂ ਵਿੱਚ ਬੇ-ਏਰੀਆ ਦਾ ਇਹ ਸਭ ਦਾ ਵੱਡਾ ਵਿਸਾਖੀ ਮੇਲਾ ਦੋ ਹਿਸਿਆਂ ਵਿੱਚ ਵੰਡਿਆ ਹੋਇਆ ਸੀ। ਇਕ ਪਾਸੇ ਸਟੇਜ਼ ਪ੍ਰੋਗ੍ਰਾਮ ਸਨ ਜਿੱਥੇ ਗਿੱਪੀ ਗਰੇਵਾਲ,ਬਲਕਾਰ ਸਿੱਧੂ,ਹਰਦੀਪ ਕੌਰ ਅਤੇ ਬਲਜਿੰਦਰ ਰਿੰਪੀ ਰੰਗਾਂ ਰੰਗ ਪ੍ਰੋਗ੍ਰਾਮ ਪੇਸ਼ ਕਰ ਰਹੇ ਸਨ ਅਤੇ ਗਿੱਧੇ ਭੰਗੜਿਆਂ ਦੀਆਂ ਟੀਮਾਂ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੀਆਂ ਸਨ। ਦੂਸਰੇ ਪਾਸੇ ਪੰਜਾਬੀਆਂ ਦੀ ਮਨ ਪਸੰਦ ਖੇਡ ਕਬੱਡੀ ਚਲ ਰਹੀ ਸੀ। ਖੇਡ ਮੈਦਾਨ ਵਿੱਚ ਵਿੱਚ ਗੁਰਬਖਸ਼ ਸੋਹਲ,ਰਣਜੀਤ,ਲੱਛਰ,ਨੀਲੋ,ਜਿਫ ਡਾਸ,ਅਰਸ਼ੀ ਅਤੇ ਅਨਵਰ ਨੇ ਤਾਂ ਕਮਾਲ ਹੀ ਕਰ ਦਿੱਤੀ। ਭਾਵੇਂ ਕਬੱਡੀ ਦੀਆਂ ਟੀਮਾਂ ਤਾਂ ਕਾਫੀ ਮੈਦਾਨ ਵਿੱਚ ਸਨ, ਪਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ,ਸ਼ੇਰੇ ਪੰਜਾਬ ਸਪੋਰਟਸ ਕਲੱਬ ਲਾਸ ਬੇਨਸ,ਸੈਨਹੋਜ਼ੇ-ਮਡੇਸਟੋ ਸਪੋਰਟਸ ਕਲੱਬ ਨੇ ਪਹਿਲਾ ਦੂਜਾ ਅਤੇ ਅੰਡਰ 21 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਖੇਡ ਮੈਦਾਨ ਵਿੱਚ ਲੱਛਰ ਭਰਾ,ਗਾਖਲ ਸੋਹਲ ਭਰਾ,ਅਤੇ ਪਰਮਜੀਤ ਸਿੰਘ ਪੰਮੀ, ਗੁਰਦਾਵਰ ਸਿੰਘ ਮਾਨ, ਆਪੋ ਆਪਨੀਆਂ ਟੀਮਾਂ ਨੂੰ ਬਾਹਰੋ ਖੜੇ ਹੱਲਾ ਸ਼ੇਰੀ ਦੇ ਰਹੇ ਸਨ। ਮੇਲੇ ਦੇ ਅਖੀਰ ਵਿੱਚ ਇਸ ਮੇਲੇ ਪ੍ਰਬੰਧਕ ਜੀਤ ਸਿੰਘ ਬੇਣੀਵਾਲ, ਜਸਵਿੰਦਰ ਸਿੰਘ ਸੋਹਲ, ਭੁਪਿੰਦਰ ਸਿੰਘ ਢਿੱਲੋਂ,ਸੁਰਜੀਤ ਸਿੰਘ ਬੈਂਸ,ਸੁਖਦੇਵ ਸਿੰਘ ਬੇਣੀਵਾਲ ਨੇ ਵਿਸਾਖੀ ਮੇਲਾ ਅਤੇ ਖੇਡਾਂ ਦੇਖਣ ਆਏ ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
|