|
ਪਾਕਿਸਤਾਨ ਦੇ ਸਿੱਖਾਂ ਨੇ ਸਰਕਾਰ ‘ਚ ਨੁਮਾਇੰਦਗੀ ਮੰਗੀ |
|
Sunday, 04 May 2008 |
ਲਾਹੌਰ- ਪਾਕਿਸਤਾਨ ਦੇ ਘੱਟ ਗਿਣਤੀ ਸਿੱਖਾਂ ਨੇ ਸਰਕਾਰ ਵਿਚ ਨੁਮਾਇੰਦਗੀ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਨੂੰ ਅਪਣੀਆਂ ਸਮਾਜਕ ਅਤੇ ਸਿਆਸੀ ਮੁਸ਼ਕਲਾਂ ਦਾ ਹੱਲ ਕਰਨ ਵਿਚ ਮਦਦ ਮਿਲੇਗੀ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਸਵਰਨ ਸਿੰਘ ਨੇ ਕਿਹਾ, ''ਸਿੱਖਾਂ ਦੀਆਂ ਮੁਸ਼ਕਲਾਂ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇ ਉਨ੍ਹਾਂ ਨੂੰ ਸਰਕਾਰ ਵਿਚ ਨੁਮਾਇੰਦਗੀ ਮਿਲੇ ਜਾਂ ਕਿਸੇ ਸਿੱਖ ਨੂੰ ਪ੍ਰਧਾਨ ਮੰਤਰੀ ਦਾ ਸਲਾਹਕਾਰ ਬਣਾਇਆ ਜਾਵੇ।‘‘ ਉਨ੍ਹਾਂ ਸੁਝਾਅ ਦਿਤਾ ਕਿ ਕਿਸੇ ਸਿੱਖ ਨੂੰ ਪ੍ਰਧਾਨ ਮੰਤਰੀ ਦਾ ਸਲਾਹਕਾਰ ਨਿਯੁਕਤ ਕਰਨ ਨਾਲ ਹੋਰ ਦੇਸ਼ਾਂ ਦੇ ਸਿੱਖ ਪਾਕਿਸਤਾਨ ‘ਚ ਨਿਵੇਸ਼ ਕਰਨ ਵਲ ਉਤਸ਼ਾਹਤ ਹੋਣਗੇ। ਉਨ੍ਹਾਂ ਕਿਹਾ ਕਿ ਈਸਾਈਆਂ ਅਤੇ ਹਿੰਦੂਆਂ ਨੂੰ ਸਰਕਾਰ ਵਿਚ ਨੁਮਾਇੰਦਗੀ ਹਾਸਲ ਹੈ ਪਰ ਸਿੱਖਾਂ ਦੀ ਹਾਲੇ ਤਕ ਕੌਮੀ ਅਤੇ ਸੂਬਾਈ ਅਸੰਬਲੀਆਂ ਵਿਚ ਪਹੁੰਚ ਨਹੀਂ ਹੈ। ਪਾਕਿਸਤਾਨ ‘ਚ 12,000 ਦੇ ਕਰੀਬ ਸਿੱਖ ਹਨ, ਜਿਹੜੇ ਕਈ ਤਰ੍ਹਾਂ ਦੀਆਂ ਸਮਾਜਕ ਅਤੇ ਸਿਆਸੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰੇਕ ਭਾਈਚਾਰੇ ਦੀਆਂ ਅਪਣੀਆਂ ਮੁਸ਼ਕਲਾਂ ਹਨ ਅਤੇ ਉਨ੍ਹਾਂ ਦੇ ਨੁਮਾਇੰਦੇ ਹੀ ਇਨ੍ਹਾਂ ਨੂੰ ਉਠਾਉਂਦੇ ਹਨ ਪਰ ਪਾਕਿਸਤਾਨ ਦੇ ਸਿੱਖਾਂ ਨੂੰ ਹੁਣ ਤਕ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ 'ਡੇਲੀ ਟਾਈਮਜ਼‘ ਨੂੰ ਦਸਿਆ, ''ਈਸਾਈਆਂ ਅਤੇ ਹਿੰਦੂਆਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਸਿੱਖ ਕਿਹੜੀਆਂ ਦਿਕਤਾਂ ਦਾ ਸਾਹਮਣਾ ਕਰ ਰਹੇ ਹਨ।‘‘ ਸਵਰਨ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਸਿੱਖ ਨੌਜਵਾਨ ਮਿਆਰੀ ਉੱਚ ਸਿੱਖਿਆ ਤੋਂ ਵਾਂਝੇ ਹਨ ਕਿਉਂਕਿ ਉੱਚ ਸਿਖਿਆ ਸੰਸਥਾਵਾਂ ਵਿਚ ਉਨ੍ਹਾਂ ਲਈ ਕੋਈ ਕੋਟਾ ਨਹੀਂ ਹੈ। ਉਨ੍ਹਾਂ ਨੁਕਤਾ ਚੁਕਿਆ, ''ਈਸਾਈ ਤੇ ਹਿੰਦੂ ਵਿਧਵਾਵਾਂ ਨੂੰ ਸਰਕਾਰ ਤੋਂ ਹਰ ਮਹੀਨੇ 5,000 ਰੁਪਏ ਦੀ ਮਦਦ ਮਿਲਦੀ ਹੈ ਪਰ ਸਿੱਖ ਵਿਧਵਾਵਾਂ ਨੂੰ ਅਜਿਹੀ ਕੋਈ ਮਦਦ ਨਹੀਂ ਦਿਤੀ ਜਾਂਦੀ।‘‘
|