|
ਰੋਟੀ ਨਹੀਂ, ਪਿਜਾ ਅਤੇ ਕੇਕ ਖਾਓ |
|
Tuesday, 06 May 2008 |
ਨਵੀਂ ਦਿੱਲੀ- ਇਸਨੂੰ ਤੁਸੀਂ ਸ਼ਾਇਦ ਹੈਰਾਨੀਗੀ ਹੀ ਕਹੋਗੇ ਕਿ ਇਕ ਪਾਸੇ ਆਮ ਆਦਮੀ ਰੋਟੀ ਦੇ ਸੰਕਟ ਨਾਲ ਜੂਝ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਬਹੁਕੌਮੀ ਕੰਪਨੀਆਂ ਦੀ ਬਦੌਲਤ ਕਣਕ ਦਾ ਇਸਤੇਮਾਲ ਕੇਕ, ਪਿਜ਼ਾ, ਬਰਗਰ, ਬ੍ਰੈਡ ਅਤੇ ਬਿਸਕੁਟ ਬਣਾਉਣ ਲਈ ਕੀਤਾ ਜਾ ਰਿਹਾ ਹੈ।
ਇਹ ਹਾਲਾਤ ਫਰਾਂਸ ਦੀ ਮਹਾਰਾਣੀ ਮੈਰੀ ਅੰਤਵਾਨੇਤ ਦੇ ਇਤਿਹਾਸਕ ਕਰੂਰ ਬਿਆਨ ਦੀ ਯਾਦ ਦਿਵਾਉਂਦਾ ਹੈ ਕਿ ਬ੍ਰੈਡ ਨਹੀਂ ਹੈ ਤਾਂ ਲੋਕ ਕੇਕ ਕਿਉਂ ਨਹੀਂ ਖਾਂਦੇ। ਇਸ ‘ਤੇ 1789 ਵਿਚ ਕਰੀਬ ਡੇਢ ਕਰੋੜ ਫਰਾਂਸੀਸੀਆਂ ਨੇ ਰਾਜਾਸ਼ਾਹੀ ਨੂੰ ਜੜ੍ਹ ਤੋਂ ਉਖਾੜ ਸੁੱਟਿਆ ਸੀ। ਅੱਜ ਭਾਰਤ ਵਿਚ ਖੁਰਾਕੀ ਸੰਕਟ ਨਾਲ ਜੂਝ ਰਹੇ ਗਰੀਬਾਂ ਦੀ ਗਿਣਤੀ ਹੀ 30 ਕਰੋੜ ਤੋਂ ਜ਼ਿਆਦਾ ਹੈ। ਇਕ ਪਾਸੇ ਉਹਨਾਂ ਨੂੰ ਰੋਟੀ ਦੇ ਲਈ ਆਟਾ ਨਸੀਬ ਨਹੀਂ ਹੋ ਪਾ ਰਿਹਾ ਹੈ, ਦੂਜੇ ਪਾਸੇ ਉਹਨਾਂ ਦੀ ਰੋਟੀ ਦੀ ਕਣਕ ਨੂੰ ਪਿਜ਼ਾ-ਬਰਗਰ, ਬਿਸਕੁਟ-ਬ੍ਰੈਡ ਖਾ ਰਹੇ ਹਨ। ਨਤੀਜੇ ਵਜੋਂ ਦੁਨੀਆਂ ਭਰ ਵਿਚ ਖੁਰਾਕੀ ਸੰਕਟ ਦੇ ਬਾਵਜੂਦ ਖੇਤੀ ਉਤਪਾਦਨਾਂ ਨਾਲ ਜੁੜੀਆਂ ਬਹੁਕੌਮੀ ਕੰਪਨੀਆਂ ਦੇ ਮੁਨਾਫੇ ਵਿਚ ਕਈ ਗੁਣਾਂ ਵਾਧਾ ਦਰਜ ਕੀਤਾ ਗਿਆ ਹੈ। ਯਾਨਿ ਰੋਟੀ ਨਹੀਂ ਹੁਣ ਪਿਜ਼ਾ ਅਤੇ ਕੇਕ ਖਾਓ।
ਇਕ ਰਿਪੋਰਟ ਦੇ ਮੁਤਾਬਕ ਆਮਦਨੀ ਦਾ 80 ਫੀਸਦੀ ਹਿੱਸਾ ਕੇਵਲ ਖਾਣੇ ਦੀ ਮੱਦ ਵਿਚ ਖਰਚ ਕਰਨ ਵਾਲੇ ਗਰੀਬ ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇ ਸਿਰਫ ਭਾਰਤ ਵਿਚ ਹੀ ਕਰੀਬ ਅੱਧਾ ਕਰੋੜ ਟਨ ਤੋਂ ਜ਼ਿਆਦਾ ਕਣਕ ਬੇਕਰੀ ਉਦਯੋਗ ਵਿਚ ਖਪ ਰਹੀ ਹੈ। ਇਸ ਕਾਰੋਬਾਰ ਨਾਲ ਜੁੜੀਆਂ ਬਹੁਕੌਮੀ ਕੰਪਨੀਆਂ ਸਰਕਾਰ ਤੋਂ ਜ਼ਿਆਦਾ ਕੀਮਤ ਦੇ ਕੇ ਕਿਸਾਨਾਂ ਤੋਂ ਕਣਕ ਖਰੀਦ ਰਹੀਆਂ ਹਨ। ਨਿੱਜੀ ਕੰਪਨੀਆਂ ਦੀ ਖਰੀਦ ਦੇ ਕਾਰਨ ਕਣਕ ਦਾ ਬਫਰ ਸਟਾਕ ਲੱਗਭੱਗ ਖਤਮ ਹੋਇਆ ਹੈ ਅਤੇ ਭਾਅ ਵਧੇ ਹਨ। ਭਾਰਤ ਵਿਚ 2006 ਵਿਚ ਸਰਕਾਰ ਨੇ ਕਣਕ ਦੀ ਕੀਮਤ 700 ਰੁਪਏ ਪ੍ਰਤੀ ਕੁਇੰਟਲ ਦਿੱਤੀ ਤਾਂ ਨਿੱਜੀ ਕੰਪਨੀਆਂ ਨੇ 750 ਰੁਪਏ ਤੋਂ ਜ਼ਿਆਦਾ ਕੀਮਤ ‘ਤੇ ਖਰੀਦਦਾਰੀ ਕੀਤੀ। 2007 ਵਿਚ ਸਰਕਾਰ ਨੇ ਪ੍ਰਤੀ ਕੁਇੰਟਲ ਕਣਕ ਦੇ 850 ਰੁਪਏ ਦਿੱਤੇ ਤਾਂ ਕੰਪਨੀਆਂ ਨੇ 1000 ਰੁਪਏ ਤੱਕ ਦੀ ਖਰੀਦਦਾਰੀ ਕੀਤੀ। ਇਸੇ ਦੇ ਕਾਰਨ 2006 ਵਿਚ ਟੀਚੇ ਦੇ ਉਲਟ ਕੇਵਲ 94 ਲੱਖ ਟਨ ਕਣਕ ਹੀ ਖਰੀਦੀ ਜਾ ਸਕੀ। ਰੋਟੀ ਦੀ ਕਣਕ ਨੂੰ ਬੇਕਰੀ ਅਤੇ ਹੋਰ ਉਦਯੋਗਾਂ ਵਿਚ ਖਰਚ ਕਰ ਰਹੀਆਂ ਇਹ ਕੰਪਨੀਆਂ ਮੋਟਾ ਮੁਨਾਫਾ ਕਮਾ ਰਹੀਆਂ ਹਨ। ਖੇਤੀ ਆਧਾਰਿਤ ਬਹੁਕੌਮੀ ਕੰਪਨੀ ਕਾਰਗਿਲ ਦੀ ਆਮਦਨ ਵਿਚ 86 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਇਸੇ ਸਮੇਂ ਵਿਚ ਕੰਪਨੀ ਦੀ ਆਮਦਨ 55.30 ਕਰੋੜ ਡਾਲਰ ਤੋਂ ਵੱਧ ਕੇ ਇਸ ਸਾਲ 103 ਕਰੋੜ ‘ਤੇ ਜਾ ਪਹੁੰਚੀ।
|