|
ਮੁਸ਼ੱਰਫ ਦੀ ਸਲਾਹ ਨਹੀਂ ਮੰਨਣਗੇ ਸ਼ੁਜਾਤ ਹੁਸੈਨ |
|
Tuesday, 06 May 2008 |
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ- ਕਿਊ ਦੇ ਪ੍ਰਧਾਨ ਚੌਧਰੀ ਸ਼ੁਜਾਤ ਹੁਸੈਨ ਨੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਸਾਫ ਤੌਰ ‘ਤੇ ਕਹਿ ਦਿੱਤਾ ਹੈ ਕਿ ਉਹ ਉਹਨਾਂ ਦੀ ਇੱਛਾ ਦੇ ਮੁਤਾਬਕ ਪਾਰਟੀ ਦੀ ਕਮਾਨ ਨਹੀਂ ਛੱਡਣਗੇ। ਡਾਨ ਅਖਬਾਰ ਵਿਚ ਹੁਸੈਨ ਦੇ ਕਰੀਬੀ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਹਾਲ ਹੀ ਵਿਚ ਮੁਸ਼ੱਰਫ ਨੇ ਇਕ ਬੈਠਕ ਦੇ ਦੌਰਾਨ ਚੋਣ ਵਿਚ ਪੀ. ਐਮ. ਐਲ.-ਕਿਊ ਦੀ ਹਾਰ ਦੇ ਲਈ ਚੌਧਰੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਹਨਾਂ ਨੂੰ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਨਸੀਹਤ ਦਿੱਤੀ ਸੀ।
ਸ਼ੁਜਾਤ ਦੇ ਇਸ ਬਿਆਨ ਤੋਂ ਇਹ ਸਾਫ ਹੋ ਗਿਆ ਹੈ ਕਿ ਉਹਨਾਂ ਦੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲੋਂ ਦੂਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਸੈਨ ਨੇ ਨਾ ਸਿਰਫ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ, ਬਲਕਿ ਬਰਖਾਸਤ ਜੱਜਾਂ ਦੀ ਬਹਾਲੀ ਦੇ ਮਾਮਲੇ ਵਿਚ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਨੂੰ ਨੈਸ਼ਨਲ ਅਸੈਂਬਲੀ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਸਮਰਥਨ ਨਾ ਮਿਲਣ ‘ਤੇ ਆਪਣੀ ਪਾਰਟੀ ਦੇ ਸਹਿਯੋਗ ਦਾ ਭਰੋਸਾ ਵੀ ਦੇ ਦਿੱਤਾ। ਦੂਜੇ ਪਾਸੇ ਬੈਠਕ ਵਿਚ ਪਾਰਟੀ ਦੇ ਜ਼ਿਆਦਾਤਰ ਲੀਡਰਾਂ ਨੇ ਹੁਸੈਨ ਦੀ ਅਗਵਾਈ ਪ੍ਰਤੀ ਵਿਸ਼ਵਾਸ ਜਾਹਿਰ ਕਰਦੇ ਹੋਏ ਉਹਨਾਂ ਦੇ ਪ੍ਰਧਾਨ ਦੇ ਅਹੁਦੇ ‘ਤੇ ਕਾਇਮ ਰਹਿਣ ਨੂੰ ਹੀ ਪਾਰਟੀ ਦੇ ਲਈ ਲਾਭਕਾਰੀ ਦੱਸਿਆ। ਹੁਸੈਨ ਨੇ ਮੁਸ਼ੱਰਫ ਨੂੰ ਉੱਤਰ ਦਿੰਦੇ ਹੋਏ ਕਿਹਾ ਕਿ ਸਾਲ 2006 ਵਿਚ ਪਾਰਟੀ ਦੇ 3500 ਵਰਕਰਾਂ ਨੇ ਤਿੰਨ ਸਾਲ ਦੇ ਲਈ ਉਹਨਾਂ ਦੀ ਅਗਵਾਈ ਵਿਚ ਪਾਰਟੀ ਦੀ ਕਮਾਨ ਸੌਂਪੀ ਸੀ। ਉਹਨਾਂ ਨੇ ਕਿਾਹ ਕਿ ਜੇਕਰ ਪਾਰਟੀ ਦੇ ਅਹੁਦਾ ਛੱਡਣ ਦੀ ਨੌਬਤ ਆਈ ਤਾਂ ਉਹ ਇਹਨਾਂ ਹੀ ਵਰਕਰਾਂ ਦੀ ਮਰਜ਼ੀ ਨਾਲ ਪ੍ਰਧਾਨਗੀ ਅਹੁਦਾ ਛੱਡਣਗੇ ਨਾ ਕਿ ਰਾਸ਼ਟਰਪਤੀ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ।
|