|
ਗਿੱਲ ਹੁਣ ਵੀ ਹਾਕੀ ਨੂੰ ਨੁਕਸਾਨ ਪਹੁੰਚਾਉਣ ‘ਚ ਲੱਗਾ ਹੈ -ਅਸਲਮ |
|
Wednesday, 04 June 2008 |
|
ਨਵੀਂ ਦਿੱਲੀ- ਭਾਰਤੀ ਹਾਕੀ ਸੰਘ ਦੀ ਚੋਣ ਕਮੇਟੀ ਦੇ ਮੁਖੀ ਅਸਲਮ ਸ਼ੇਰ ਖ਼ਾਨ ਨੇ ਕਿਹਾ ਕਿ ਸੰਘ ਦੇ ਮੁਖੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਵੀ ਕੇ.ਪੀ.ਐਸ. ਗਿੱਲ ਦੇਸ਼ ‘ਚ ਹਾਕੀ ਨੂੰ ਨੁਕਸਾਨ ਪਹੁੰਚਾਉਣ ‘ਚ ਲਗਿਆ ਹੋਇਆ ਹੈ। ਅਸਲਮ ਨੇ ਕਿਹਾ ਕਿ ਇਹ ਤਾਂ ਸੱਭ ਨੂੰ ਪਤਾ ਹੈ ਕਿ ਗਿੱਲ 14 ਸਾਲਾਂ ਤਕ ਭਾਰਤੀ ਹਾਕੀ ਸੰਘ ਦਾ ਮੁਖੀ ਰਿਹਾ ਅਤੇ ਉਸ ਦੀ ਸੱਭ ਤੋਂ ਵੱਡੀ ਪ੍ਰਾਪਤੀ ਇਹ ਹੀ ਕਿ ਟੀਮ 80 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਉਲੰਪਿਕ ਖੇਡਾਂ ‘ਚ ਕੁਆਲੀਫ਼ਾਈ ਨਹੀਂ ਕਰ ਸਕੀ। ਉਸ ਨੇ ਕਿਹਾ ''11 ਜੂਨ ਤੋਂ ਪੋਲੈਂਡ ‘ਚ 19 ਸਾਲ ਤੋਂ ਘੱਟ ਉਮਰ ਦੇ ਹਾਕੀ ਖਿਡਾਰੀਆਂ ਲਈ ਚਾਰ ਦੇਸ਼ਾਂ ਦਾ ਮੁਕਾਬਲਾ ਹੋਣਾ ਹੈ ਅਤੇ ਅਹੁਦੇ ਤੋਂ ਹਟਾਏ ਜਾਣ ਦੇ ਬਾਵਜੂਦ ਗਿੱਲ ਨੇ ਪੋਲੈਂਡ ‘ਚ ਮੁਕਾਬਲੇ ਦੇ ਆਯੋਜਕਾਂ ਨੂੰ ਇਕ ਪੱਤਰ ਲਿਖ ਕੇ ਭੇਜ ਕੇ ਇਹ ਕਹਿ ਦਿਤਾ ਕਿ ਭਾਰਤੀ ਟੀਮ ਇਸ ‘ਚ ਕੁੱਝ ਕਾਰਨਾਂ ਕਰ ਕੇ ਹਿੱਸਾ ਨਹੀਂ ਲੈ ਸਕੇਗੀ। ਉਸ ਨੇ ਕਿਹਾ ਕਿ ਪੋਲੈਂਡ ‘ਚ ਮੁਕਾਬਲੇ ਦੇ ਆਯੋਜਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਗਿੱਲ ਹੁਣ ਭਾਰਤੀ ਹਾਕੀ ਸੰਘ ਦੇ ਮੁਖੀ ਨਹੀਂ ਹਨ ਅਤੇ ਉਨ੍ਹਾਂ ਵਲੋਂ ਭੇਜੇ ਪੱਤਰ ਨੂੰ ਮਹੱਤਵ ਦੇਣ ਦਾ ਕੋਈ ਵੀ ਅਰਥ ਨਹੀਂ ਹੈ। ਅਸਲਮ ਨੇ ਕਿਹਾ ਕਿ ਗਿੱਲ ਵਲੋਂ ਭੇਜੇ ਗਏ ਇਸ ਪੱਤਰ ਤੋਂ ਬਾਅਦ ਮੁਕਾਬਲੇ ਦੇ ਆਯੋਜਕਾਂ ਨੇ ਭਾਰਤ ਦੀ ਥਾਂ ‘ਤੇ ਇਸ ‘ਚ ਆਸਟਰੀਆ ਨੂੰ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਇਸ ਸਮੇਂ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਭਾਰਤ ਨੂੰ ਸ਼ਾਇਦ ਹੁਣ ਵੀ ਇਸ ਮੁਕਾਬਲੇ ‘ਚ ਖੇਡਣ ਦਾ ਮੌਕਾ ਮਿਲ ਸਕਦਾ ਸੀ ਪਰ ਇਕ ਵਾਰ ਆਸਟਰੀਆ ਨੂੰ ਬੁਲਾ ਕੇ ਉਸ ਨੂੰ ਵਾਪਸ ਜਾਣ ਲਈ ਕਹਿਣਾ ਠੀਕ ਨਹੀਂ ਹੋਵੇਗਾ। ਅਸਲਮ ਨੇ ਕਿਹਾ ਕਿ ਗਿੱਲ ਨੇ ਇਸ ਮਾਮਲੇ ‘ਚ ਇਸ ਗੱਲ ਦਾ ਫ਼ਾਇਦਾ ਉਠਾਇਆ ਕਿ ਇਸ ਸਾਲ 28 ਅਪ੍ਰੈਲ ਨੂੰ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਖ਼ਬਰ ਯੂਰਪੀ ਦੇਸ਼ਾਂ ਤਕ ਪਹੁੰਚ ਨਹੀਂ ਸਕੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਇਹ ਪਤਾ ਚਲਦਾ ਹੈ ਕਿ ਗਿੱਲ ਹੁਣ ਵੀ ਦੇਸ਼ ‘ਚ ਹਾਕੀ ਨੂੰ ਨੁਕਸਾਨ ਪਹੁੰਚਾਉਣ ‘ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਅਸਲਮ ਨੇ ਕਿਹਾ ਕਿ ਜੇ 19 ਸਾਲਾਂ ਤੋਂ ਘੱਟ ਉਮਰ ਦੇ ਖਿਡਾਰੀ ਮੁਕਾਬਲੇ ‘ਚ ਹਿੱਸਾ ਲੈ ਲੈਂਦੇ ਤਾਂ ਇਹ ਭਾਰਤ ਦੇ ਹਾਕੀ ਭਵਿੱਖ ਲਈ ਬਹੁਤ ਚੰਗਾ ਹੁੰਦਾ।
|