|
ਬਾਦਲ ਵਿਰੁੱਧ ਉਸ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਠਾਈ ਆਵਾਜ਼ |
|
Friday, 27 June 2008 |
ਚੰਡੀਗੜ੍ਹ-ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਸਾਧਨਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿਚ ਦਾਇਰ ਕੀਤੇ ਗਏ ਨਵੇਂ ਕੇਸ ਵਿਚ ਜੋ ਤਿੰਨ ਸੀਨੀਅਰ ਅਧਿਕਾਰੀ ਸ਼ਾਮਲ ਕੀਤੇ ਗਏ ਹਨ ਬੇਸ਼ੱਕ ਉਨ੍ਹਾਂ ਦਾ ਵਿਜੀਲੈਂਸ ਬਿਊਰੋ ਵੱਲੋਂ ਐਫ. ਆਈ. ਆਰ. ਵਿਚ ਨਾਂਅ ਨਸ਼ਰ ਨਹੀਂ ਕੀਤਾ ਗਿਆ ਪ੍ਰੰਤੂ ਪੰਜਾਬ ਦੇ ਪ੍ਰਸ਼ਾਸਨਿਕ ਹਲਕਿਆਂ ਵਿਚ ਇਸ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਵੱਲੋਂ ਅਜਿਹੀਆਂ ਕਾਰਵਾਈਆਂ ਸਬੰਧੀ ਆਪਣੀ ਨਾਖੁਸ਼ੀ ਤੋਂ ਮੁੱਖ ਮੰਤਰੀ ਪੰਜਾਬ ਅਤੇ ਮੁੱਖ ਸਕੱਤਰ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਆਸੀ ਖ਼ਹਿਬਾਜ਼ੀਆਂ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਾਮਲ ਨਾ ਕੀਤਾ ਜਾਵੇ ਅਤੇ ਖ਼ਾਸ ਕਰ ਕੇ ਜਿਨ੍ਹਾਂ ਅਧਿਕਾਰੀਆਂ ਦਾ ਅਕਸ ਅੱਜ ਤੱਕ ਗੈਰ-ਸਿਆਸੀ ਅਤੇ ਸਾਫ ਸੁਥਰਾ ਰਿਹਾ ਹੈ, ਨੂੰ ਅਜਿਹੇ ਵਿਵਾਦਾਂ ਵਿਚ ਘਸੀਟਣ ਵਰਗੀਆਂ ਕਾਰਵਾਈਆਂ ਨਾਲ ਸਮੁੱਚਾ ਪ੍ਰਸ਼ਾਸਨ ਡਾਵਾਂਡੋਲ ਹੋ ਜਾਵੇਗਾ ਅਤੇ ਅਜਿਹੀ ਸਥਿਤੀ ਵਿਚ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕੰਮ ਨਹੀਂ ਕਰ ਸਕੇਗਾ। ਸੀਨੀਅਰ ਅਧਿਕਾਰੀਆਂ ਵਿਚਲੇ ਇਸ ਤਿੱਖੇ ਰੋਸ ਕਾਰਨ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਮੁੱਖ ਸਕੱਤਰ ਪੰਜਾਬ ਭਾਵੇਂ ਲਗਾਤਾਰ ਸੀਨੀਅਰ ਅਧਿਕਾਰੀਆਂ ਕੋਲ ਸਰਕਾਰ ਵੱਲੋਂ ਮਗਰਲੇ ਦਿਨਾਂ ਦੌਰਾਨ ਇਹ ਸਪੱਸ਼ਟ ਕਰਦੇ ਰਹੇ ਹਨ ਕਿ ਕਿਸੇ ਆਈ. ਏ. ਐਸ. ਅਧਿਕਾਰੀ ਵਿਰੁੱਧ ਅਜਿਹੀ ਕਾਰਵਾਈ ਨਹੀਂ ਕੀਤੀ ਜਾ ਰਹੀ ਪ੍ਰੰਤੂ ਇਕ ਅਖ਼ਬਾਰ ਵਿਚ ਤਿੰਨ ਅਧਿਕਾਰੀਆਂ ਦੇ ਇਸ ਕੇਸ ਨਾਲ ਸੰਬੰਧਿਤ ਕਰ ਕੇ ਛਾਪੇ ਗਏ ਨਾਂਵਾਂ ਕਾਰਨ ਪ੍ਰਸ਼ਾਸਨਿਕ ਹਲਕਿਆਂ ਵਿਚਲੇ ਰੋਸ ਅਤੇ ਡਰ ਤੇ ਸਹਿਮ ਨੂੰ ਮੁੱਖ ਰੱਖ ਕੇ ਰਾਜ ਦੇ ਮੁੱਖ ਸਕੱਤਰ ਸ: ਰਮੇਸ਼ਇੰਦਰ ਸਿੰਘ ਜੋ ਕਿ ਵਿਜੀਲੈਂਸ ਵਿਭਾਗ ਦੇ ਸਕੱਤਰ ਵੀ ਹਨ, ਨੇ ਅੱਜ ਅਖ਼ਬਾਰਾਂ ਵਿਚ ਇਸ ਕੇਸ ਨਾਲ ਸੰਬੰਧਿਤ ਕਰ ਕੇ ਛਾਪੇ ਗਏ ਨਾਂਵਾਂ ਨੂੰ ਆਧਾਰਹੀਣ ਕਰਾਰ ਦਿੱਤਾ। ਗੱਲ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕੇਸ ਨਾਲ ਕੋਈ ਵੀ ਆਈ. ਏ. ਐਸ. ਅਧਿਕਾਰੀ ਸੰਬੰਧਿਤ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਪ੍ਰਸ਼ਾਸਨਿਕ ਹਲਕਿਆਂ ਵਿਚ ਇਸ ਮੁੱਦੇ ਨੂੰ ਲੈ ਕੇ ਉੱਠੇ ਉਬਾਲ ਕਾਰਨ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ ਨੂੰ ਵੀ ਕੁੱਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਵਰਨਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਵਿਰੁੱਧ ਦਾਇਰ ਕੀਤੇ ਗਏ ਤਾਜ਼ਾ ਕੇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਸੀ ਕਿ ਵਿਜੀਲੈਂਸ ਬਿਊਰੋ ਵੱਲੋਂ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਅਤੇ ਉਨ੍ਹਾਂ ਦੇ ਸਾਬਕਾ ਮੀਡੀਆ ਸਲਾਹਕਾਰ ਸ: ਭਰਤਇੰਦਰ ਸਿੰਘ ਚਾਹਲ ਸਮੇਤ ਜਿਨ੍ਹਾਂ ਅੱਠ ਵਿਅਕਤੀਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿਚ ਤਿੰਨ ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ। ਪ੍ਰੰਤੂ ਵਿਜੀਲੈਂਸ ਬਿਊਰੋ ਵੱਲੋਂ ਇਨ੍ਹਾਂ ਤਿੰਨ ਅਧਿਕਾਰੀਆਂ ਦੇ ਨਾਂਅ ਉਸ ਦਿਨ ਨਸ਼ਰ ਨਹੀਂ ਕੀਤੇ ਗਏ ਸਨ ਅਤੇ ਪੱਤਰਕਾਰਾਂ ਨੂੰ ਦੱਸਿਆ ਗਿਆ ਸੀ ਕਿ ਇਨ੍ਹਾਂ ਅਧਿਕਾਰੀਆਂ ਦੇ ਨਾਂਵਾਂ ਦਾ ਖੁਲਾਸਾ ਬਾਅਦ ਵਿਚ ਕੀਤਾ ਜਾਵੇਗਾ।
|