|
ਤਾਲਿਬਾਨ ਦੇ ਮਦਰੱਸੇ ਵਿਚ ਅਮਰੀਕੀ ਬੱਚੇ |
|
Monday, 14 July 2008 |
ਇਸਲਾਮਾਬਾਦ- ਪੱਛਮੀ ਦੇਸ਼ ਤਾਲਿਬਾਨ ਅਤੇ ਅਲ-ਕਾਇਦਾ ਨੂੰ ਲਗਾਤਾਰ ਵੱਡਾ ਖ਼ਤਰਾ ਮੰਨਦੇ ਰਹੇ ਹਨ। ਖਬਰਾਂ ਦੇ ਮੁਤਾਬਕ ਅਜਿਹੇ ਵਿਚ ਇਹ ਖ਼ਤਰਾ ਹੋਰ ਵੱਧ ਜਾਂਦਾ ਹੈ ਜਦੋਂ ਤਾਲਿਬਾਨ ਦੀ ਅੱਤਵਾਦੀ ਪਾਠਸ਼ਾਲਾ ਵਿਚ ਅਮਰੀਕੀ ਬੱਚੇ ਪੜ੍ਹ ਰਹੇ ਹੋਣ। ਇਹ ਖਬਰ ਸੱਚ ਹੈ ਅਤੇ ਇਕ ਪਾਕਿਸਤਾਨੀ ਫਿਲਮਕਾਰ ਨੇ ਦੇਸ਼ ਵਿਚ ਤਾਲਿਬਾਨ ਸਮਰਥਕ ਮਦਰੱਸੇ ਤੋਂ 78 ਅਮਰੀਕੀ ਕਿਸ਼ੋਰਾਂ ਨੂੰ ਮੁਕਤ ਕਰਵਾਉਣ ਦੇ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਜੇਹਾਦ ਦੇ ਇਸ ਤੰਤਰ ਨੂੰ ਬੰਦ ਕਰਨ ਦੇ ਲਈ ਵਿਦਿਆਰਥੀਆਂ ਦੇ ਕੱਟੜਪੰਥੀ ਮਦਰੱਸਿਆਂ ਵਿਚ ਦਾਖਲੇ ‘ਤੇ ਰੋਕ ਲਗਾਉਣ ਦੀ ਦਿਸ਼ਾ ਵਿਚ ਕਦਮ ਚੁੱਕਣ। ਮਦਰੱਸੇ ਤੋਂ ਪਾਕਿਸਤਾਨੀ ਮੂਲ ਦੇ ਦੋ ਅਮਰੀਕੀ ਕਿਸ਼ੋਰਾਂ ਨੂੰ ਰਿਹਾਅ ਕਰਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਫਿਲਮਕਾਰ ਇਮਰਾਨ ਰਜਾ ਨੇ ਆਪਣੀ ਡਾਕੂਮੈਂਟਰੀ ਕਰਾਚੀ ਕਿਡਸ ਦੀ ਸ਼ੂਟਿੰਗ ਦੇ ਦੌਰਾਨ ਇਥੋਂ ਦੇ ਜਾਮੀਆ ਬਿਨੋਰੀਆ ਮਦਰੱਸੇ ਵਿਚ ਇਸ ਕਿਸਮ ਦੇ 80 ਹੋਰ ਅਮਰੀਕੀ ਲੜਕੇ-ਲੜਕੀਆਂ ਨੂੰ ਪਾਇਆ ਗਿਆ। ਇਸ ਮਦਰੱਸੇ ਦੇ ਮੁਖੀ ਸਾਲ ਵਿਚ ਇਕ ਦੋ ਵਾਰ ਅਮਰੀਕਾ ਜਾਂਦੇ ਹਨ ਅਤੇ ਉਥੇ ਬੱਚਿਆਂ ਦੀ ਭਰਤੀ ਕਰਦੇ ਹਨ। ਰਜਾ ਨੇ ਪਾਕਿਸਤਾਨੀ ਸਿੱਖਿਆ ਸੰਸਥਾਵਾਂ ਵਿਚ ਪੜ੍ਹਨ ਵਾਲੇ ਅਮਰੀਕੀ ਬੱਚਿਆਂ ‘ਤੇ ਇਸ ਡਾਕੂਮੈਂਟਰੀ ਦਾ ਨਿਰਮਾਣ ਕੀਤਾ ਹੈ। ਇਸਨੂੰ ਅਗਲੇ ਹਫਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਡਾਕੂਮੈਂਟਰੀ ਦੀ ਕਹਾਣੀ ਦੋ ਭਰਾਵਾਂ ਨੂਰ ਇਲਾਹੀ (17) ਅਤੇ ਮਹਿਬੂਬ ਇਲਾਹੀ (16) ‘ਤੇ ਆਧਾਰਿਤ ਹੈ। ਇਹ ਦੋਵੇਂ ਭਰਾ ਅਟਲਾਂਟਾਂ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਨੂੰ ਜ਼ਬਰਦਸਤੀ ਜਾਮੀਆ ਬਿਨੋਰੀਆ ਵਿਚ ਅਧਿਐਨ ਦੇ ਲਈ ਮਜ਼ਬੂਰ ਕੀਤਾ ਜਾਂਦਾ ਹੈ। ਰਜਾ ਨੇ ਦੱਸਿਆ ਕਿ ਜਦੋਂ ਤਿੰਨ ਸਾਲ ਪਹਿਲਾਂ ਉਹਨਾਂ ਦੀ ਦੋਵੇਂ ਭਰਾਵਾਂ ਨਾਲ ਮੁਲਾਕਾਤ ਹੋਈ ਤਾਂ ਉਹ ਪਹਿਲੀ ਉਡਾਣ ‘ਤੇ ਹੀ ਅਮਰੀਕਾ ਵਾਪਸ ਜਾਣਾ ਚਾਹੁੰਦੇ ਸਨ ਪਰ ਤਿੰਨ ਸਾਲ ਬਾਅਦ ਲੜਕਿਆਂ ਦਾ ਦਿਮਾਗ ਉਲਟਾ ਦਿੱਤਾ ਗਿਆ। ਉਹਨਾਂ ਦੇ ਵਿਚਾਰਾਂ ਵਿਚ ਇੱਕਦਮ ਤਬਦੀਲੀ ਆ ਗਈ ਅਤੇ ਉਹਨਾਂ ਨੇ ਕਿਹਾ ਕਿ ਮਦਰੱਸੇ ਨੇ ਉਹਨਾਂ ਨੂੰ ਚੰਗਾ ਇਨਸਾਨ ਬਣਾਇਆ ਹੈ। ਦੋਵੇਂ ਭਰਾ ਅਗਸਤ 2004 ਵਿਚ ਆਪਣੇ ਹਾਈ ਸਕੂਲ ਦੇ ਦਿਨਾਂ ਵਿਚ ਪੜ੍ਹਾਈ ਵਿਚ ਚੰਗੇ ਸਨ। ਉਸੇ ਸਮੇਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪਾਕਿਸਤਾਨ ਭੇਜਿਆ ਸੀ। ਰਜਾ ਨੇ ਖਾਨ ਭਰਾਵਾਂ ਨੂੰ ਰਿਹਾਅ ਕਰਾਉਣ ਤੋਂ ਬਾਅਦ ਆਪਣੀ ਵੈਬਸਾਈਟ ‘ਤੇ ਇਕ ਬਿਆਨ ਵਿਚ ਕਿਹਾ ਹੈ ਕਿ ਮੈਂ ਤਾਲਿਬਾਨ ਸਮਰਥਕ ਮਦਰੱਸੇ ਤੋਂ ਦੋਵੇਂ ਅਮਰੀਕੀ ਬੱਚਿਆਂ ਨੂੰ ਸੁਰੱਖਿਅਤ ਅਟਲਾਂਟਾ ਭੇਜ ਕੇ ਕਾਫੀ ਖੁਸ਼ ਹਾਂ, ਹਾਲਾਂਕਿ ਮੁੱਲਾ ਦਾ ਦਾਅਵਾ ਹੈ ਕਿ ਮਦਰੱਸੇ ਵਿਚ 78 ਹੋਰ ਬੱਚੇ ਹਨ।
|