|
ਵੇਦਾਂਤੀ ਨੂੰ ਭੇਟ ਕੀਤਾ ਬਰੂਚ 20 ਲੱਖ ਦਾ ਜਾਂ ਵੀਹ ਹਜ਼ਾਰ ਦਾ? |
|
Sunday, 20 January 2008 |
|
ਟੋਰਾਂਟੋ - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਇੱਕ ਕੈਨੇਡੀਆਈ ਪੰਜਾਬੀ ਸਿੱਖ ਲੀਡਰ ਵੱਲੋਂ ਬੇਟ ਕੀਤੇ ਗਏ ਮਹਿੰਗੇ ਬਰੂਚ ਦਾ ਵਿਵਾਦ ਤਾਂ ਹੈ ਪਰ ਇਸ ਦੀ ਕੀਮਤ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ ਕਾਰਨ ਮਾਮਲੇ ਨੇ ਉਸ ਵੇਲੇ ਅਜੀਬ ਮੋੜ ਲੈ ਲਿਆ ਜਦੋਂ ਕਥਿਤ ਹੀਰਿਆਂ ਨਾਲ ਜੜੇ ਇਸ ਤੋਹਫੇ ਦੇ ਭੇਟ ਕਰਤਾ ਨੇ ਟੋਰਾਂਟੋ ਵਿੱਚ ਹੋਈ ਇੱਕ ਮੁਲਾਕਾਤ ਦੌਰਾਨ ਇਸਦੀ ਕੀਮਤ ਸਿਰਫ 20 ਹਜਾਰ ਰੁਪਏ ਹੋਣ ਦੀ ਗੱਲ ਆਖੀ। ਹੁਣ ਤੱਕ ਇਸ ਤੋਹਫੇ ਦੀ ਅਸਲ ਕੀਮਤ ਬਾਰੇ ਉਹ ਚੁੱਪ ਹੀ ਸਨ। ਸ੍ਰੋਮਣੀ ਅਕਾਲੀ ਦਲ ਦੀ ਕੈਨੇਡਾ ਇਕਾਈ ਦੇ ਪ੍ਰਧਾਨ ਕੇਹਰ ਸਿੰਘ ਗਿੱਲ ਵੱਲੋਂ ਜਥੇਦਾਰ ਵੇਦਾਂਤੀ ਨੂੰ ਇਸ ਤੋਹਫੇ ਨਾਲ ਨਿਵਾਜੇ ਜਾਣ ਦੀਆਂ ਖਬਰਾਂ ਨੇ ਸਮੁੱਚੇ ਸਿੱਖ ਜਗਤ ਵਿੱਚ ਇੱਕ ਵਿਵਾਦ ਛੇੜ ਦਿੱਤਾ ਹੈ। ਸ੍ਰੀ ਗਿੱਲ ਪੰਜਾਬ ਤੋਂ ਪ੍ਰਵਾਸੀ ਸੰਮੇਲਨ ਵਿੱਚ ਭਾਗ ਲੈਣ ਮਗਰੋਂ ਵਾਪਸ ਆਏ ਹਨ। ਉਹ ਇਸ ਵਿਸ਼ੇ ‘ਤੇ ਭਾਵੇਂ ਕੋਈ ਗੱਲ ਕਰਨ ਨੂੰ ਰਾਜ਼ੀ ਨਹੀਂ ਸਨ, ਉਨ੍ਹਾਂ ਕਿਹਾ ਕਿ ਜੋ ਕੁਝ ਉਨ੍ਹਾਂ ਕਰਨਾਂ ਜਾਂ ਕਹਿਣਾ ਸੀ ਕਹਿ ਦਿੱਤਾ ਅਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਸ਼ਰਧਾ ਭਾਵਨਾ ਨੂੰ ਕੋਈ ਹੋਰ ਰੰਗਤ ਦਿੱਤੀ ਜਾਵੇ।
ਜਦੋਂ ਇਸ ਤੋਹਫੇ ਦੀ ਕੀਮਤ ਬਾਰੇ ਪੁੱਛਿਆ ਗਿਆ ਕਿ ਕੀ ਇਸ ਦੀ ਕੀਮਤ ਵਾਕਈ 20 ਲੱਖ ਰੁਪਏ
ਹੈ ਤਾਂ ਉਨ੍ਹਾਂ ਕਿਹਾ, “ਪਿੱਛੋਂ ਦੋ ਕੁ ਸਿਫਰਾਂ ਲਾਹ ਲਓ।” ਉਨ੍ਹਾਂ ਇਹ ਵੀ ਦੱਸਿਆ ਕਿ
ਇਸਨੂੰ ਕੈਨੇਡਾ ਵਿੱਚ ਨਹੀਂ ਭਾਰਤ ਵਿੱਚ ਹੀ ਬਣਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ
ਉਨ੍ਹਾਂ ਦੀ ਚਿਰੋਕਣੀ ਇੱਛਾ ਸੀ ਕਿ ਜਥੇਦਾਰ ਵੇਦਾਂਤੀ ਨੂੰ ਸਿੱਖ ਪੰਥ ਨੂੰ ਦਿੱਤੇ
ਵਡਮੁੱਲੇ ਯੋਗਦਾਨ ਬਦਲੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਵੇ।
ਸਥਾਨਕ ਰੇਡੀਓ ਪੰਜਾਬ ਦੀ ਗੂੰਜ ਤੇ ਪੰਜਾਬ ਦੀ ਖਬਰਸਾਰ ਲੈ ਕੇ ਪੇਸ਼ ਹੁੰਦੇ ਪੱਤਰਕਾਰ
ਬਲਤੇਜ ਪੰਨੂੰ ਨੇ ਇਸ ਸਾਰੇ ਵਿਵਾਦ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਹਰ ਸਿੰਘ ਆਪਣੇ
ਬਿਆਨ ਵਿੱਚ ਆਪ ਹੀ ਉਲਝ ਗਏ ਹਨ। ਇੱਕ ਪਾਸੇ ਉਹ ਪੋਪ ਦੀ ਤੁਲਨਾ ਕਰਦੇ ਹੋਏ ਜਥੇਦਾਰ ਨੂੰ
ਧਾਰਮਿਕ ਚਿੰਨ੍ਹ ਪਹਿਨਣ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਕਹਿ ਰਹੇ ਹਨ ਇਹ ਤੋਹਫਾ
ਜਥੇਦਾਰ ਵੇਦਾਂਤੀ ਨੂੰ ਨਿੱਜੀ ਤੌਰ ‘ਤੇ ਦੇ ਰਹੇ ਹਨ। ਪੰਨੂੰ ਦੇ ਕਹਿਣ ਮੁਤਾਬਕ ਜੇਕਰ
ਵੇਦਾਂਤੀ ਨੂੰ ਨਿੱਜੀ ਤੌਰ ‘ਤੇ ਭੇਟ ਕਰਨਾ ਸੀ ਤਾਂ ਉਨ੍ਹਾਂ ਦੀ ਜਥੇਦਾਰੀ ਸੇਵਾਮੁਕਤੀ
ਪਿੱਛੋਂ ਉਨ੍ਹਾਂ ਦੇ ਘਰ ਜਾ ਕੇ ਆਉਂਦੇ ਤਾਂ ਠੀਕ ਰਹਿੰਦਾ। ਉੱਧਰ ਸ੍ਰੋਮਣੀ ਕਮੇਟੀ ਦੇ
ਸਾਬਕਾ ਸਕੱਤਰ ਰਘਬੀਰ ਸਿੰਘ ਹੁਰਾਂ ਵੀ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਆ
ਗਿਆ ਕੋਈ ਤੋਹਫਾ ਨਿੱਜੀ ਨਹੀਂ ਹੁੰਦਾ। ਇੱਥੋਂ ਦੇ ਪੁਰਾਣੇ ਸਿਆਸਤਦਾਨ ਅਤੇ ਚਿੰਤਕ
ਨਿਰਮਲ ਢੀਂਡਸਾ ਨੇ ਇਸ ਸਾਰੇ ਕਾਸੇ ਵਿੱਚ ਆਪਣਾ ਮਤਲਬ ਹੱਲ ਕਰਨ ਦੀ ਮਨਸ਼ਾ ਦਿਸਦੀ ਹੈ।
ਉਨ੍ਹਾਂ ਸਪਸੱਟ ਲਫਜ਼ਾਂ ਵਿੱਚ ਕਿਹਾ ਕਿ ਇਹ ਲੋਕ ਇੱਕ ਵੱਡੇ ‘ਸਕੈਮ’ ਦਾ ਹਿੱਸਾ ਹਨ,
ਅਤੇ ਆਪਣੇ ਨਿੱਜੀ ਸੁਆਰਥਾਂ ਲਈ ਕੰਮ ਕਰ ਰਹੇ ਹਨ। ਹੁਣ ਸ੍ਰੀ ਗਿੱਲ ਨੇ ਇਸ ਬਰੂਚ ਦੀ
ਅਸਲ ਕੀਮਤ ਦੱਸ ਕੇ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਖੈਰ, ਇਸ ਦੀ ਕੀਮਤ ਦਾ ਨਿਰਣਾ ਤਾਂ
ਕਿਸੇ ਨਾ ਕਿਸੇ ਤਰ੍ਹਾਂ ਹੋ ਸਕਦਾ ਹੈ ਪਰ ਇਨ੍ਹਾਂ ਲੋਕਾਂ ਦੀ ਛੁਪੀ ਸਿਆਸਤ ਜਾਂ ਦਿਲ
ਅੰਦਰਲੀ ਜੋ ਅਸਲੀ ਮਨਸ਼ਾ ਹੈ, ਉਸਦਾ ਭੇਤ ਪਾਉਣਾ ਬਹੁਤ ਔਖੀ ਗੱਲ ਜਾਪਦੀ ਹੈ।
|