| ਸਰਕਾਰ ਦਾ ਭਵਿੱਖ 16 ਸਾਂਸਦਾਂ ਦੇ ਹੱਥ |
| Wednesday, 16 July 2008 | |
|
ਨਵੀਂ ਦਿੱਲੀ, 16 ਜੁਲਾਈ : ਕੇਂਦਰ ਦੀ ਯੂ. ਪੀ. ਏ. ਸਰਕਾਰ ਨੂੰ ਡੇਗਣ ਅਤੇ ਬਚਾਉਣ ਲਈ ਸਿਆਸੀ ਖੇਡ ਜਾਰੀ ਹੈ। ਜਿਵੇਂ-ਜਿਵੇਂ 22 ਜੁਲਾਈ ਦੀ ਤਾਰੀਕ ਨੇੜੇ ਆ ਰਹੀ ਹੈ, ਸਸਪੈਂਸ ਵੱਧਦਾ ਹੀ ਜਾ ਰਿਹਾ ਹੈ। ਦੋਵਾਂ ਖਾਮਿਆਂ ਦੇ ਮਹਾਂਰਥੀ ਛਾਤੀ ਠੋਕ ਕੇ 271 (ਇਸ ਸਮੇਂ ਮੇਰਠ ਅਤੇ ਬੇਲਾਰੀ ਦੀਆਂ ਸੀਟਾਂ ਖਾਲੀ ਹਨ ਇਸ ਲਈ ਵੋਟ ਪਾਉਣ ਵਾਲੇ ਮੈਂਬਰਾਂ ਦੀ ਗਿਣਤੀ 541 ਹੋਵੇਗੀ) ਦੇ ਜਾਦੂਈ ਅੰਕੜੇ ਨੂੰ ਹਾਸਲ ਕਰਨ ਲਈ ਹੱਥ ਪੈਰ ਮਾਰ ਰਹੇ ਹਨ। ਯੂ. ਪੀ. ਏ. ਸਰਕਾਰ ਨੂੰ ਡੇਗਣ ਲਈ ਬੀ ਜੇ ਪੀ ਅਤੇ ਖੱਬੇ ਪੱਖੀ ਹਰ ਉਸ ਦਰਵਾਜ਼ੇ ਉਤੇ ਦਸਤਕ ਦੇ ਰਹੇ ਹਨ, ਜਿੱਥੋਂ ਉਨਾਂ ਨੂੰ ਸਮਰਥਨ ਮਿਲਣ ਦੀ ਆਸ ਹੈ। ਉਧਰ ਕਾਂਗਰਸ ਵੀ ਆਜ਼ਾਦ ਸਾਂਸਦਾਂ ਅਤੇ ਛੋਟੀਆਂ ਛੋਟੀਆਂ ਪਾਰਟੀਆਂ ਨੂੰ ਕਿਸੇ ਵੀ ਕੀਮਤ ਉਤੇ ਆਪਣੇ ਪਾਲੇ ਵਿਚ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ। ਇਸ ਸਮੇਂ ਲੋਕ ਸਭਾ ਵਿਚ 543 ਮੈਂਬਰ ਹਨ, ਜਿਨਾਂ ਵਿਚੋਂ ਦੋ ਨਾਮਜ਼ਦ ਸਾਂਸਦਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ। ਕਾਂਗਰਸ ਦੇ 153 ਸਾਂਸਦ ਹਨ। ਪਰ ਕਾਂਗਰਸ ਵਿਚੋਂ ਕੱਢੇ ਸਾਂਸਦ ਕੁਲਦੀਪ ਬਿਸ਼ਨੋਈ ਯੂ. ਪੀ. ਏ. ਵਿਰੁੱਧ ਵੋਟ ਕਰਨ ਦਾ ਐਲਾਨ ਕਰ ਚੁੱਕੇ ਹਨ। ਇਸ ਤਰਾਂ ਕਾਂਗਰਸ ਕੋਲ 152 ਸਾਂਸਦ ਬਚਦੇ ਹਨ। ਸਮਾਜਵਾਦੀ ਪਾਰਟੀ ਦੀ ਗੱਲ ਕਰੀਏ ਤਾਂ ਉਸ ਦੇ 39 ਸਾਂਸਦਾਂ ਵਿਚੋਂ 5 ਸਾਂਸਦਾਂ ਉਤੇ ਪਾਰਟੀ ਦਾ ਕੋਈ ਕੰਟਰੋਲ ਨਹੀਂ ਹੈ। ਦੋ ਬਾਗੀ ਸਾਂਸਦ ਰਾਜ ਬੱਬਰ ਅਤੇ ਬੈਨੀ ਪ੍ਰਸਾਦ ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕਰ ਚੁੱਕੇ ਹਨ। ਜਦਕਿ ਮੁਨੱਵਰ ਹਸਨ ਅਤੇ ਜੈ ਪ੍ਰਕਾਸ਼ ਸਪਸ਼ਟ ਤੌਰ ਉਤੇ ਸਰਕਾਰ ਦੇ ਵਿਰੁੱਧ ਵੋਟ ਪਾਉਣ ਦੀ ਗੱਲ ਆਖ ਚੁੱਕੇ ਹਨ। ਉਧਰ ਫੂਲਪੁਰ ਤੋਂ ਸਾਂਸਦ ਅਤੀਕ ਅਹਿਮਦ ਨੇ ਅਜੇ ਆਪਣੇ ਪੱਤੇ ਨਹੀਂ ਖੋਲੇ ਹਨ। ਭਾਵ ਸਮਾਜਵਾਦੀ ਪਾਰਟੀ ਦੇ ਸਿਰਫ 36 ਸਾਂਸਦ ਹੀ ਪੱਕੇ ਕਹੇ ਜਾ ਸਕਦੇ ਹਨ। ਸਰਕਾਰ ਦੇ ਨਾਲ ਖੜੀ ਤੀਜੀ ਸਭ ਤੋਂ ਵੱਡੀ ਪਾਰਟੀ ਲਾਲੂ ਪ੍ਰਸਾਦ ਯਾਦਵ ਕੋਲ 24 ਸਾਂਸਦ ਹਨ। ਜਿਨਾਂ ਵਿਚੋਂ ਸ਼ਹਾਬੂਦੀਨ ਅਤੇ ਪੱਪੂ ਯਾਦਵ ਜੇਲ• ਵਿਚ ਬੰਦ ਹਨ ਅਤੇ ਪੂਰੀ ਸੰਭਾਵਨਾ ਹੈ ਕਿ ਵੋਟ ਪਾਉਣ ਵਾਲੇ ਦਿਨ ਉਨਾਂ ਨੂੰ ਸਦਨ ਵਿਚ ਹਾਜ਼ਰ ਹੋਣ ਦੀ ਇਜਾਜ਼ਤ ਮਿਲ ਜਾਵੇਗੀ। ਆਰ. ਜੇ. ਡੀ. ਲਈ ਚਿੰਤਾ ਵਾਲੀ ਗੱਲ ਇਹ ਹੈ ਕਿ ਉਸ ਦੇ 3-4 ਸਾਂਸਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸੰਪਰਕ ਵਿਚ ਹਨ। ਇਸ ਦੇ ਬਾਵਜੂਦ 24 ਵੋਟਾਂ ਸਰਕਾਰ ਦੇ ਪੱਖ ਵਿਚ ਮੰਨੀਆਂ ਜਾ ਸਕਦੀਆਂ ਹਨ। ਸਰਕਾਰ ਲਈ ਇਕ ਹੋਰ ਬੁਰੀ ਖਬਰ ਡੀ ਐਮ ਕੇ ਖੇਮੇ ਵਿਚੋਂ ਹੈ, ਪਾਰਟੀ ਦੇ 16 ਸਾਂਸਦਾਂ ਵਿਚੋਂ 15 ਦਾ ਹੀ ਸਮਰਥਨ ਮਿਲ ਸਕੇਗਾ। ਪਾਰਟੀ ਵਿੱਪ ਦੇ ਬਾਵਜੂਦ ਦਿਆਨਿਧੀ ਮਾਰਨ ਸਦਨ ਵਿਚੋਂ ਗੈਰ ਹਾਜ਼ਰ ਰਹਿਣ ਦੀ ਗੱਲ ਆਖ ਚੁੱਕੇ ਹਨ। ਇਸ ਤੋਂ ਇਲਾਵਾ ਸਰਕਾਰ ਦੀਆਂ ਸਹਿਯੋਗੀ ਪਾਰਟੀਆਂ ਐਨ ਸੀ ਪੀ, ਪੀ ਐਮ ਕੇ ਅਤੇ ਐਲ ਜੇ ਪੀ ਦੀਆਂ ਕੁਲ 21 ਵੋਟਾਂ ਹਨ। ਇਕ-ਇਕ ਸਾਂਸਦ ਵਾਲੀਆਂ ਮੁਸਲਿਮ ਲੀਗ, ਆਰ ਪੀ ਆਈ (ਏ), ਸਿਕਮ ਡੈਮੋਕਰੇਟਿਕ ਫਰੰਟ, ਨੈਸ਼ਨਲ ਲੋਕਤੰਤਰਿਕ ਪਾਰਟੀ, ਭਾਰਤੀ ਨਵਸ਼ਕਤੀ ਪਾਰਟੀ ਤੇ ਪੀ ਡੀ ਪੀ ਨੂੰ ਮਿਲਾ ਕੇ 6 ਵੋਟਾਂ ਮਿਲ ਜਾਣਗੀਆਂ। ਯੂ. ਪੀ. ਏ. ਵਿਚ ਸ਼ਾਮਲ ਪੰਜ ਸਾਂਸਦਾਂ ਵਾਲੇ ਝਾਰਖੰਡ ਮੁਕਤੀ ਮੋਰਚਾ ਨੇ ਵੀ ਅਜੇ ਸਥਿਤੀ ਸਪਸ਼ਟ ਨਹੀਂ ਕੀਤੀ ਹੈ। ਪਾਰਟੀ ਦੀ ਸ਼ਿਕਾਇਤ ਹੈ ਕਿ ਉਸ ਦੇ ਆਗੂ ਸ਼ਿਬੂ ਸੋਰੇਨ ਨੂੰ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਕੈਬਨਿਟ ਵਿਚ ਨਹੀਂ ਲਿਆ ਗਿਆ। ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਸੋਰੇਨ ਨੂੰ ਕੈਬਨਿਟ ਵਿਚ ਜਗਾ ਮਿਲ ਜਾਵੇਗੀ ਅਤੇ ਸਰਕਾਰ ਕੋਲ ਕੁੱਲ ਮਿਲਾ ਕੇ 259 ਵੋਟਾਂ ਬਣ ਜਾਂਦੀਆਂ ਹਨ। ਉਸ ਨੂੰ ਘੱਟੋ ਘੱਟ 12 ਹੋਰ ਸਾਂਸਦਾਂ ਦਾ ਪ੍ਰਬੰਧਕ ਕਰਨਾ ਪਵੇਗਾ। ਹੁਣ ਜੇਕਰ ਵਿਰੋਧੀ ਧਿਰ ਦੇ ਅੰਕੜੇ ਉਤੇ ਨਜ਼ਰ ਮਾਰੀਏ ਤਾਂ ਉਨਾਂ ਕੋਲ 265 ਦਾ ਅੰਕੜਾ ਹੈ। |
| < Prev | Next > |
|---|
