|
ਕਾਮਰੇਡ ਸੁਰਜੀਤ ਨੂੰ ਆਖ਼ਰੀ ਲਾਲ ਸਲਾਮ |
|
Friday, 01 August 2008 |
|
ਭਾਰਤੀ ਸਿਆਸਤ ਦੇ 'ਕਿੰਗ ਮੇਕਰ‘ ਵਜੋਂ ਜਾਣੇ ਜਾਂਦੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਬਜ਼ੁਰਗ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਅੱਜ ਨੋਇਡਾ ਦੇ ਮੈਟਰੋ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਸਾਹ ਦੀ ਤਕਲੀਫ਼ ਕਾਰਨ ਇੱਥੇ ਭਰਤੀ ਕਰਵਾਇਆ ਗਿਆ ਸੀ। ਦੇਹਾਂਤ ਤੋਂ ਬਾਦ ਪਾਰਟੀ ਦੇ ਮੁੱਖ ਦਫ਼ਤਰ ਏ ਕੇ ਗੋਪਾਲਨ ਭਵਨ ‘ਤੇ ਪਾਰਟੀ ਦਾ ਝੰਡਾ ਝੁਕਾ ਦਿੱਤਾ ਗਿਆ।
ਕਾਮਰੇਡ ਸੁਰਜੀਤ ਦਾ ਅੰਤਿਮ ਸਸਕਾਰ 3 ਅਗਸਤ ਨੂੰ ਕੀਤਾ ਜਾਵੇਗਾ। ਉਨ੍ਹਾਂ ਦੀ ਦੇਹ ਇਸੇ ਦਿਨ ਸਵੇਰੇ 10.00 ਵਜੇ ਤੋਂ ਲੈ ਕੇ 2.30 ਵਜੇ ਤੱਕ ਸੀ ਪੀ ਆਈ (ਐਮ) ਦੇ ਮੁੱਖ ਦਫ਼ਤਰ ਵਿਖੇ ਆਮ ਲੋਕਾਂ ਦੇ ਦਰਸ਼ਨਾਂ ਲਈ ਰੱਖੀ ਜਾਵੇਗੀ। ਉਨ੍ਹਾਂ ਦੀ ਅੰਤਿਮ ਯਾਤਰਾ ਪਾਰਟੀ ਦੇ ਕੇਂਦਰੀ ਕਮੇਟੀ ਦਫ਼ਤਰ ਤੋਂ 4.00 ਵਜੇ ਸ਼ੁਰੂ ਹੋਵੇਗੀ। ਕਾਮਰੇਡ ਸੁਰਜੀਤ ਦਾ ਇਲਾਜ ਕਰਦੇ ਰਹੇ ਡਾ. ਪ੍ਰਸ਼ੋਤਮ ਅਨੁਸਾਰ ਉਨ੍ਹਾਂ ਅੱਜ ਦੁਪਹਿਰ 1.35 ਵਜੇ ਆਖ਼ਰੀ ਸਾਹ ਲਿਆ। ਇਸ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਜਾਣੇ-ਪਹਿਚਾਣੇ ਆਗੂਆਂ ਦਾ ਹਸਪਤਾਲ ਵਿਚ ਤਾਂਤਾ ਲੱਗ ਗਿਆ। ਸੀਪੀਐਮ ਦੇ ਜਨਰਲ ਸਕੱਤਰ ਪ੍ਰਕਾਸ਼ ਕਰਤ, ਪੋਲਿਟ ਬਿਊਰੋ ਮੈਂਬਰ ਸੀਤਾਰਾਮ ਯੇਚੂਰੀ, ਬਰਿੰਦਾ ਕਰਤ, ਐਸ ਆਰ ਪਿੱਲੇ, ਕੇਂਦਰੀ ਕਮੇਟੀ ਦੇ ਮੈਂਬਰ ਨਿਲੋਤਪਾਲ ਬਾਸੂ ਵੀੇ ਹਸਪਤਾਲ ਪਹੁੰਚ ਗਏ। ਇਸ ਦੇ ਨਾਲ ਹੀ ਲੋਕ ਸਭਾ ਦੇ ਸਪੀਕਰ ਸੋਮਨਾਥ ਚੈਟਰਜੀ ਵੀ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਹਸਪਤਾਲ ਪਹੁੰਚੇ।
ਇਸ ਤੋਂ ਪਹਿਲਾਂ ਉਨ੍ਹਾਂ ਨੂੰ 6 ਮਈ ਨੂੰ ਵੀ ਮੈਟਰੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਅਤੇ ਉਹ 16 ਮਈ ਨੂੰ ਕੋਮਾ ‘ਚ ਚਲੇ ਗਏ ਸਨ।
ਇਸ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਵੱਡੀ ਗਿਣਤੀ ‘ਚ ਹੋਰ ਕੌਮੀ ਪੱਧਰ ਦੇ ਆਗੂ ਉਨ੍ਹਾਂ ਦੀ ਸਿਹਤ ਬਾਰੇ ਜਾਨਣ ਲਈ ਹਸਪਤਾਲ ਗਏ ਸਨ। ਲੇਕਿਨ ਕੁਝ ਦਿਨਾਂ ਬਾਦ ਉਨ੍ਹਾਂ ਦੀ ਸਥਿਤੀ ‘ਚ ਸੁਧਾਰ ਹੋ ਗਿਆ ਸੀ, ਜਿਸ ਉਪਰੰਤ 3 ਜੂਨ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਸੀ।
|