Calendar Date

Aug
28
2008
hansron_logo.png
  
ਨਿਊਜੀਲੈਂਡ ਵਿੱਚ ਪੰਜਾਬੀ ਸੱਭਿਆਚਾਰ ਦਾ ਸਿਰ ਉੱਚਾ ਕਰਨ ਲਈ ਯਤਨਸ਼ੀਲ -ਮਨਜੀਤ ਥਿੰਦ
Saturday, 02 August 2008

ta.jpg                             ਮੁਲਾਕਾਤੀ:-ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)
                          ਜੇਕਰ ਪੰਜਾਬੀ ਸੱਭਿਆਚਾਰ ਬਾਰੇ ਅਜੋਕੇ ਵੰਡੀਆਂ ਭਰੇ ਸੱਭਿਆਚਾਰਕ ਮਾਹੌਲ ਵਿੱਚ ਸੋਚੀਏ ਤਾਂ ਪੰਜਾਬੀ ਸੱਭਿਆਚਾਰ ਪ੍ਰਤੀ ਵੱਖ-ਵੱਖ ਨਜ਼ਰੀਏ ਸਥਾਪਿਤ ਹੋ ਚੁੱਕੇ ਹਨ। ਜਦੋਂ ਕੋਈ ਪ੍ਰੋੜ੍ਹ ਉਮਰ ਦਾ ਵਿਅਕਤੀ ਪੰਜਾਬੀ ਸੱਭਿਆਚਾਰ ਬਾਰੇ ਕਲਪਨਾ ਕਰਦਾ ਹੈ ਤਾਂ ਉਸ ਸਾਹਮਣੇ ਕੁੜਤੇ-ਚਾਦਰੇ ਪਾਈ, ਸ਼ਮਲੇ ਵਾਲੀ ਪੱਗ ਬੰਨ੍ਹੀ, ਨੋਕਦਾਰ ਜੁੱਤੀ ਤੇ ਹੱਥ 'ਚ ਖੂੰਡਾ ਫੜ੍ਹੀ ਭੰਗੜਾ ਪਾਉਂਦੇ ਜੋਸ਼ੀਲੇ ਗੱਭਰੂਆਂ ਦੀ ਡਾਰ ਅਤੇ ਸੱਗੀ ਫੁੱਲ ਸਜਾਈ, ਰਵਾਇਤੀ ਸ਼ੁੱਧ ਪੰਜਾਬੀ ਪਹਿਰਾਵਾ ਪਾਈ, ਸਿਰ ਫੁਲਕਾਰੀ ਲਈ ਪੰਜਾਬਣਾਂ ਦਾ ਪੂਰ ਗਿੱਧੇ ਵਿੱਚ ਕਿੱਕਲੀ ਪਾਉਣ ਜਾ ਰਿਹਾ ਹੁੰਦਾ ਹੈ।


       

 ਜੇਕਰ ਅੱਜ ਕੱਲ੍ਹ ਦੇ ਨੌਜਵਾਨ ਨੇ ਕਲਪਨਾ ਕਰਨੀ ਹੋਵੇ ਤਾਂ ਉਸਦੀ ਕਲਪਨਾ ਵਿੱਚ ਜੀਨ ਦੀ ਪੈਂਟ ਸ਼ਰਟ ਪਹਿਨੀ ਭੰਗੜਾ ਪਾਉਂਦੇ ਗੱਭਰੂ (ਅਖੌਤੀ) ਅਤੇ ਅੱਧਨੰਗੀ 'ਅਖੌਤੀ ਗਿੱਧਾ' ਪਾਉਂਦੀ ਲੜਕੀ ਦੀ ਤਸਵੀਰ ਉਜਾਗਰ ਹੁੰਦੀ ਹੈ। ਭਾਵੇਂ ਕਿ ਇਸ ਸੱਭਿਆਚਾਰਕ ਵਿਗਾੜ ਲਈ ਅਸੀਂ ਖੁਦ ਵੀ ਵਧੇਰੇ ਹੱਦ ਤੱਕ ਜਿੰਮੇਵਾਰ ਹਾਂ ਪਰ ਕਿਹਾ ਇਹ ਜਾਂਦਾ ਹੈ ਕਿ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਪੱਛਮੀ ਸੱਭਿਆਚਾਰ ਨੇ ਕਾਫੀ ਪ੍ਰਭਾਵਿਤ ਕੀਤਾ ਹੈ। ਅਸੀਂ ਪ੍ਰਭਾਵ ਹਾਸਲ ਕਰਦੇ ਸਮੇਂ ਉਹਨਾਂ ਪ੍ਰਭਾਵਾਂ ਦੇ ਚੰਗੇ ਜਾਂ ਮਾੜੇ ਹੋਣ ਦੀ ਪੁਣ-ਛਾਣ ਨਹੀਂ ਕਰਦੇ ਸਗੋਂ ਅੱਖਾਂ ਮੀਟ ਕੇ ਗ੍ਰਹਿਣ ਕਰ ਲੈਂਦੇ ਹਾਂ। ਕਿਸੇ ਵੀ ਖਿੱਤੇ ਦਾ ਸੱਭਿਆਚਾਰ ਉੱਥੋਂ ਲਈ ਹੀ ਜਿਆਦਾ ਢੁਕਵਾਂ ਹੁੰਦਾ ਹੈ ਪਰ ਉਸਦੀ ਅੰਨੇਵਾਹ ਕੀਤੀ ਨਕਲ ਦੂਜੇ ਖਿੱਤੇ ਲਈ ਹਾਨੀਕਾਰਕ ਹੋ ਨਿੱਬੜਦੀ ਹੈ। ਅੱਜ ਜਦੋਂਕਿ ਲੋਕ ਪੰਜਾਬੀ ਆਪਣੀ ਹੀ ਧਰਤੀ ਤੇ ਆਪਣੇ ਹੀ ਸੱਭਿਆਚਾਰ ਨੂੰ 'ਬੁਰੀ ਨਜ਼ਰ' ਲੱਗ ਜਾਣ ਦੀਆਂ ਗੱਲਾਂ ਕਰਦੇ ਹਨ ਤਾਂ ਅਜਿਹੇ ਮੌਕੇ ਜਿਲ੍ਹਾ ਮੋਗਾ ਦੇ ਖੇਤੀਬਾੜੀ ਦਾ ਸੰਦ ਕਹੀ (ਆਂ) ਬਣਾਉਣ 'ਚ ਵਿਸ਼ਵ ਪ੍ਰਸਿੱਧ ਪਿੰਡ ਹਿੰਮਤਪੁਰਾ ਦੇ ੳੁੱਦਮੀ ਨੌਜਵਾਨ ਮਨਜੀਤ ਸਿੰਘ ਥਿੰਦ ਦੀ ਦਾਦ ਦੇਣੀ ਬਣਦੀ ਹੈ ਜੋ ਵਲਿੰਗਟਨ (ਨਿਊਜੀਲੈਂਡ) ਵਿੱਚ ਵੀ ਸੌ਼ਕੀਆ ਤੌਰ ਤੇ "ਫੋਕ -ਂ-ਫੰਕੀ" ਨਾਂ ਦਾ ਭੰਗੜਾ ਗਰੁੱਪ ਤਿਆਰ ਕਰਕੇ ਆਪਣੇ ਵੱਲੋਂ ਹੀ ਪੰਜਾਬੀ ਸੱਭਿਆਚਾਰ ਦੇ 'ਨੁਮਾਇੰਦੇ' ਵਜੋਂ ਸੇਵਾ ਨਿਭਾਅ ਰਿਹਾ ਹੈ। ਰਿਟਾਇਰਡ ਆਯੁਰਵੈਦਿਕ ਮੈਡੀਕਲ ਅਫਸਰ(ਏ ਐੱਮ ਓ) ਡਾ ਕਸ਼ਮੀਰ ਸਿੰਘ ਥਿੰਦ ਤੇ ਸ੍ਰੀਮਤੀ ਅਮਰਜੀਤ ਕੌਰ ਦਾ ਲਾਡਲਾ ਭਾਵੇਂ ਉਮਰ ਪੱਖੋਂ ਤਾਂ 'ਨਿਆਣ-ਮੱਤਾ' ਹੈ ਪਰ ਵਿਦੇਸ਼ੀ ਧਰਤੀ ਉੱਪਰ ਪੰਜਾਬੀ ਸੱਭਿਆਚਾਰ ਦਾ ਬੋਹੜ ਲਾਉਣ ਵਰਗਾ ਕਾਰਜ ਕਿਸੇ ਪ੍ਰੋੜ੍ਹ ਉਮਰ ਦੇ ਵਿਅਕਤੀ ਵਾਂਗ ਜੁੰਮੇਵਾਰੀ ਨਾਲ ਕਰ ਰਿਹਾ ਹੈ। ਗੁਰਸਿੱਖ ਪਰਿਵਾਰ 'ਚ ਜਨਮੇ ਹੋਣ ਕਰਕੇ ਮਨਜੀਤ ਵੀ ਪੰਜ ਕੱਕਾਰਾਂ ਦਾ ਧਾਰਨੀ ਹੈ। ਅੱਜ ਕੱਲ੍ਹ ਮਕੈਨੀਕਲ ਇੰਜੀਨੀਰਿੰਗ ਕਰਕੇ ਵਲਿੰਗਟਨ ਵਿਖੇ ਰਹਿ ਰਿਹਾ ਹੈ। ਮਨਜੀਤ ਆਪਣੇ ਆਪ 'ਚ ਇੱਕ ਮਿਸਾਲ ਹੈ ਜੋ ਆਪਣੀ ਧਰਤੀ ਮਾਂ, ਮਾਂ-ਬੋਲੀ ਤੇ ਜੰਮਣਦਾਤੀ ਮਾਂ ਤੋਂ ਦੂਰ ਬੈਠਾ ਵੀ ਸੱਭਿਆਚਾਰ ਦੀ ਨਿਰੋਲ ਪੇਸ਼ਕਾਰੀ ਰਾਹੀਂ ਆਪਣਾ ਫ਼ਰਜ਼ ਨਿਭਾਅ ਰਿਹਾ ਹੈ। ਬਹੁਤ ਹੀ ਮਿਲਾਪੜੇ ਤੇ ਗੁਰੂ ਦਾ ਭਾਣਾ ਮੰਨਣ ਵਾਲਾ ਮਨਜੀਤ ਵਤਨ ਫੇਰੀ ਤੇ ਆਇਆ ਤਾਂ ਮਿਲਣ ਦਾ ਮੌਕਾ ਮਿਲਿਆ। ਪੇਸ਼ ਹਨ ਮੁਲਾਕਾਤ ਦੇ ਕੁਝ ਅੰਸ਼:-
?ਮਨਜੀਤ ਜੀ, ਤੁਸੀਂ ਨਿਊਜੀਲੈਂਡ ਵਿੱਚ ਭੰਗੜਾ ਗਰੁੱਪ ਹੀ ਕਿਉਂ ਬਣਾਇਆ?
    -ਆਪਣੇ ਸੱਭਿਆਚਾਰ ਦਾ ਬੇਗਾਨੇ ਮੁਲਕ ਵਿੱਚ ਬੂਟਾ ਲਾਉਣ ਲਈ ਅਸੀਂ ਲਿਖਤੀ ਜਾਂ ਬੋਲ ਕੇ ਕਹਿਣ ਨਾਲੋਂ ਭੰਗੜੇ ਦੀ ਪੇਸ਼ਕਾਰੀ ਰਾਹੀਂ ਹੀ ਸੱਭਿਆਚਾਰ ਦੀ ਗੱਲ ਕਰਨੀ ਬਿਹਤਰ ਸਮਝੀ। ਢੋਲ ਦੀ ਤਾਲ ਸੁਣ ਕੇ ਜਣੇ-ਖਣੇ ਦਾ ਪੈਰ ਥਿਰਕਣ ਲੱਗ ਪੈਂਦਾ ਹੈ। ਭੰਗੜੇ ਦੇ ਆਕਰਸ਼ਣ ਸਦਕਾ ਹੀ ਬਹੁਤ ਸਾਰੇ 'ਗੋਰੇ' ਵੀ ਸਾਥੋਂ ਭੰਗੜਾ ਸਿੱਖਣ ਲਈ ਪੁੱਛਣ ਲੱਗੇ ਹਨ।
?ਭੰਗੜੇ ਦੀ ਚੇਟਕ ਕਿਵੇਂ ਲੱਗੀ?
    -ਬਹੁਤ ਹੀ ਅਜੀਜ ਦੋਸਤ ਦੀਪ ਖੁਰਮੀ ਨੇ ਚਿਣਗ ਜਗਾਈ। ਉਹਨਾਂ ਨੇ ਪਿੰਡ ਵਿੱਚ 'ਫੋਕ' ਭੰਗੜੇ ਦੀ ਟੀਮ ਬਣਾਈ, ਸਾਨੂੰ ਸਭ ਨੂੰ ਪੈਰ ਫੜ੍ਹ-ਫੜ੍ਹ ਕੇ ਤਾਲ ਤੇ ਥਿਰਕਣ ਦੀ ਜਾਚ ਸਿਖਾਈ। ਉਹਨਾਂ ਤੋਂ ਹੀ ਭੰਗੜੇ ਦੀਆਂ ਬਾਰੀਕੀਆਂ ਸਿੱਖੀਆਂ।
?ਕੀ ਤੁਸੀਂ ਪੰਜਾਬ 'ਚ ਵੀ ਕੋਈ ਭੰਗੜਾ ਗਰੁੱਪ ਬਣਾਇਐ ?
    -ਅਸੀਂ ਆਪਣਾ 'ਮਾਲਵਾ ਸੱਭਿਆਚਾਰ ਗਰੁੱਪ' ਬਣਾਇਆ ਸੀ, ਜਿਸ ਵੱਲੋਂ ਭੰਗੜਾ ਸਿੱਖਣ ਦੇ ਚਾਹਵਾਨਾਂ ਨੂੰ ਮੁਫਤ ਸਿਖਲਾਈ ਦਿੱਤੀ ਜਾਂਦੀ ਸੀ। ਪਰ ਅੱਜਕੱਲ੍ਹ ਸਾਡੀ ਟੀਮ ਦੇ ਕਲਾਕਾਰ ਅਮਨਦੀਪ ਸ਼ਰਮਾ ਆਸਟਰੇਲੀਆ, ਧਰਮਾ ਕੈਨੇਡਾ ਚਲੇ ਜਾਣ ਕਾਰਨ ਅਜੇ ਗਰੁੱਪ ਦੀਆਂ ਸਰਗਰਮੀਆਂ 'ਚ ਖੜੋਤ ਆਈ ਹੋਈ ਹੈ।
?ਤੁਹਾਡੇ 'ਫੋਕ-ਂ-ਫੰਕੀ' ਦੇ ਬਾਕੀ ਸਾਥੀ ਕਲਾਕਾਰਾਂ ਬਾਰੇ ਵੀ ਦੱਸੋ ?
    -ਸਾਥੀ ਕਲਾਕਾਰਾਂ 'ਚ ਸੰਦੀਪ ਲੁਧਿਆਣਾ, ਵਰਿੰਦਰ ਹੁਸਿ਼ਆਰਪੁਰ,ਜਸਪਿੰਦਰ ਗਿੱਲ ਰਾਜਪੁਰਾ ਤੇ ਨਵਪ੍ਰੀਤ ਸ਼ਾਹਕੋਟ  ਹਨ।
?ਬੇਗਾਨੇ ਮੁਲਕ 'ਚ ਸਥਾਪਤੀ ਲਈ ਮੁਸ਼ਕਿਲਾਂ ਵੀ ਆਈਆਂ ?
    -ਬਿਲਕੁਲ ਜੀ, ਖਾਸ ਕਰਕੇ ਮੈਨੂੰ ਤਾਂ ਬਹੁਤ ਆਈਆਂ। ਕੇਸ ਦਾਹੜੀ, ਪਗੜੀ ਹੋਣ ਕਰਕੇ ਉੱਥੋਂ ਦੇ ਲੋਕ 'ਮਿੰਨੀ ਲਾਦੇਨ' ਹੀ ਸਮਝਦੇ ਸਨ। ਪਰ ਭੰਗੜੇ ਨੇ 'ਮਿਸਟਰ ਸਿੰਘ' ਵਜੋਂ ਪਛਾਣ ਬਣਾਈ। ਹੁਣ ਸਭ ਠੀਕ ਠਾਕ ਹੈ। ਸਭ ਤੋਂ ਵੱਡੀ ਮੁਸ਼ਕਿਲ ਭੰਗੜੇ ਲਈ ਵਰਦੀਆਂ ਦੀ ਆਈ। ਹੁਣ ਪੰਜਾਬ ਤੋਂ ਚੰਗੀਆਂ ਵਰਦੀਆਂ ਬਣਵਾ ਕੇ ਲਿਜਾਵਾਂਗਾ।
?ਕਿੱਥੇ ਕਿੱਥੇ ਭੰਗੜੇ ਦੀ ਪੇਸ਼ਕਾਰੀ ਕਰ ਚੁੱਕੇ ਹੋ ?
    -ਅਸੀਂ ਸਿੱਖ ਕਮਿਊਨਿਟੀ ਵੱਲੋਂ ਕਰਵਾਏ ਜਾਂਦੇ ਹਰ ਪ੍ਰੋਗਰਾਮ 'ਚ ਸਮੂਲੀਅਤ ਕਰਦੇ ਹਾਂ। ਵਿਸਾਖੀ ਮੇਲਾ, ਦੀਵਾਲੀ ਜਸ਼ਨ ਮੌਕੇ ਅਸੀਂ ਨਿਊਜੀਲੈਂਡ ਦੇ "ਟੀ-ਪਾਪਾ ਨੈਸ਼ਨਲ ਮਿਊਜੀਅਮ", ਟਾਊਨ ਹਾਲ ਵਲਿੰਗਟਨ, ਮਾਈਕਲ ਫਾਲਰ ਸੈਂਟਰ ਵਿਖੇ ਭੰਗੜੇ ਦੀ ਪੇਸ਼ਕਾਰੀ ਕਰ ਚੁੱਕੇ ਹਾਂ। ਸੰਨ 2005 'ਚ ਵੱਖ ਵੱਖ ਭਾਰਤੀ ਧਰਮਾਂ ਦੀਆਂ ਵਿਆਹ ਸੰਬੰਧੀ ਰੀਤਾਂ ਬਾਰੇ ਸਾਲ ਭਰ ਤੋਂ ਚਲਦੇ ਆ ਰਹੇ ਸਮਾਗਮਾਂ ਦੇ ਸਮਾਪਤੀ ਸਮਾਰੋਹ ਤੇ ਵੀ ਭੰਗੜਾ ਪੇਸ਼ ਕੀਤਾ।
?ਕੋਈ ਵਿਸ਼ੇਸ਼ ਇਨਾਮ ਹਾਸਲ ਕੀਤਾ ਜਾਂ ਕੋਈ ਮਾਣ ਵਾਲੀ ਗੱਲ ?
    -ਇਹੀ ਮਾਣ ਵਾਲੀ ਗੱਲ ਹੈ ਕਿ ਸਾਡਾ 'ਫੋਕ-ਂ-ਫੰਕੀ' ਵਲਿੰਗਟਨ ਦਾ ਇਕਲੌਤਾ ਭੰਗੜਾ ਗਰੁੱਪ ਹੈ। ਅਸੀਂ ਭਾਰਤੀ ਸੂਬਿਆਂ ਦੇ ਆਪਣੇ ਆਪਣੇ ਸੱਭਿਆਚਾਰ ਦੀ ਪੇਸ਼ਕਾਰੀ ਲਈ ਪੰਜਾਬ ਦੀ ਤਰਫੋਂ 'ਪਾਰਲੀਮੈਂਟ ਆਫ ਨਿਊਜੀਲੈਂਡ' 'ਚ ਭੰਗੜਾ ਪੇਸ਼ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਪ੍ਰੋਗਰਾਮ ਨੂੰ 'ਏਸ਼ੀਆ 2000 ਫਾਊਂਡੇਸ਼ਨ' ਨੇ ਟੀ ਵੀ-1 ਤੇ ਪ੍ਰਸਾਰਿਤ ਵੀ ਕੀਤਾ।
?ਭਵਿੱਖ ਵਿੱਚ ਕੋਈ ਯੋਜਨਾ ਹੈ ਤਾਂ ਦੱਸੋ ?
    -ਨਿਊਜੀਲੈਂਡ ਵਸਦੇ ਪੰਜਾਬੀਆਂ ਦੇ ਬੱਚੇ, ਜੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਤੋਂ ਅਣਭਿੱਜ ਰਹਿ ਰਹੇ ਹਨ, ਲਈ ਪੰਜਾਬੀ ਸੱਭਿਆਚਾਰ ਸੰਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਕੈਂਪ ਲਗਾਉਣ ਦੀ ਯੋਜਨਾ ਹੈ ਤਾਂ ਜੋ ਉਹਨਾਂ ਨੂੰ ਵੀ ਆਪਣੇ ਵਿਰਸੇ ਨਾਲ ਜੋੜਨ ਲਈ ਉਪਰਾਲਾ ਕੀਤਾ ਜਾ ਸਕੇ।
?ਪੰਜਾਬ 'ਚ ਵਸਦੇ 'ਸੱਭਿਆਚਾਰ ਦੇ ਰਾਖਿਆਂ' ਲਈ ਕੀ ਸੁਨੇਹਾ ਦੇਣਾ ਚਾਹੋਗੇ?
    -ਸਰਕਾਰਾਂ ਦੀਆਂ ਨਲਾਇਕੀਆਂ ਹਨ ਕਿ ਬੇਰੁਜਗਾਰੀ ਤੋਂ ਤੰਗ ਆਏ ਨੌਜਵਾਨ ਆਪੋ ਆਪਣੇ 'ਅਖੌਤੀ ਸੱਭਿਆਚਾਰਕ ਗਰੁੱਪ' ਬਣਾਈ ਬੈਠੇ ਹਨ। ਇਸ ਨਾਲ ਸੱਭਿਆਚਾਰ ਦੀ ਸੇਵਾ ਘੱਟ ਤੇ ਸੱਭਿਆਚਾਰ ਦਾ ਮੁਹਾਂਦਰਾ ਵੱਧ ਵਿਗੜ ਰਿਹਾ ਹੈ।
ਸਨੇਹਾ ਦੇਣ ਯੋਗ ਤਾਂ ਨਹੀਂ ਪਰ ਬੇਨਤੀ ਜਰੂਰ ਕਰਾਂਗਾ ਕਿ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਕੌਡੀ ਦੇ ਭਾਅ ਨਿਲਾਮ ਨਾ ਕਰੋ। ਅਜਿਹਾ ਕੁਝ ਕਰ ਦਿਖਾਓ ਕਿ ਪੱਛਮ ਵੀ ਝੁਕ-ਝੁਕ ਕੇ ਤੁਹਾਨੂੰ ਸਲਾਮ ਕਰੇ। ਪੰਜਾਬ,ਪੰਜਾਬੀ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਓ। ਭਾਈਚਾਰਾ ਕਾਇਮ ਰੱਖੋ। ਧੰਨਵਾਦ।
                                           ਮੁਲਾਕਾਤੀ:-ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)
 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles