|
ਕੁਰਾਨ ਬਾਰੇ ਫਿ਼ਲਮ ਤੋਂ ਡੱਚ ਪ੍ਰਧਾਨ ਮੰਤਰੀ ਚਿੰਤਤ |
|
Monday, 21 January 2008 |
|
ਹੇਗ - ਹਾਲੈਂਡ ਵਿੱਚ ਕੁਰਾਨ ਦੇ ਸਬੰਧ ਵਿੱਚ ਬਣਨ ਵਾਲੀ ਇੱਕ ਫਿਲਮ ਦੇ ਸਬੰਧ ਵਿੱਚ ਜਾਰੀ ਬਹਿਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਜਾਨ ਪੀਟਰ ਬਾਲਕਕੇਂਦੇ ਨੇ ਸੱਦਾ ਦਿੱਤਾ ਹੈ ਕਿ ਇਸ ਸਬੰਧ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਅਤੇ ਸਹਿਣਸ਼ੀਲਤਾ ਦੇ ਸਬੰਧੀ ਡੱਚ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਦਾ ਖਿਆਲ ਰੱਖਿਆ ਜਾਵੇ। ਮੁਲਕ ਦੇ ਇੱਕ ਕਾਨੂੰਨਸਾਜ਼ ਨੇ ਐਲਾਨ ਕੀਤਾ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਫਿਲਮ ਬਣਾਉਣਗੇ ਕਿ ਦਹਿਸ਼ਤਗਰਦ ਕਿਵੇਂ ਪਵਿੱਤਰ ਕੁਰਾਨ ਨੂੰ ਹਿੰਸਾ ਅਤੇ ਅਸਹਿਣਸ਼ੀਲਤਾ ਫੈਲਾਉਣ ਲਈ ਵਰਤਦੇ ਹਨ। ਮੁਲਕ ਦੇ ਸੰਸਦ ਵਿੱਚ 9 ਸੀਟਾਂ ਵਾਲੀ ਫਰੀਡਮ ਪਾਰਟੀ ਦੇ ਆਗੂ ਗਰੀਟ ਵਿਲਡਰਜ਼ ਨੇ ਕਿਹਾ ਕਿ ਉਨ੍ਹਾਂ ਦੀ ਇਸ ਫਿਲਮ ਉੱਤੇ ਕੰਮ ਜਾਰੀ ਹੈ। ਇਹ ਕਰੀਬ 10 ਮਿੰਟ ਦੀ ਹੋਵੇਗੀ ਅਤੇ ਉਹ ਇਸ ਨੂੰ ਪ੍ਰਸਾਰਤ ਕਰਨ ਵਾਲੇ ਦੀ ਭਾਲ ਵਿੱਚ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਇਸ ਸਬੰਧ ਵਿੱਚ ਖਬਰਦਾਰ ਕਰਦਿਆਂ ਕਿਹਾ ਹੈ, “ਨੀਦਰਲੈਂਡਜ਼ ਅਤੇ ਵਿਦੇਸ਼ਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ ਕਿ ਇਹ ਫਿਲਮ ਭੜਕਾਊ ਹੋ ਸਕਦੀ ਹੈ, ਇਸ ਦਾ ਵਿਰੋਧ ਹੋ ਸਕਦਾ ਹੈ ਜਿਸ ਨਾਲ ਜਨਤਕ ਅਮਨ, ਸੁਰੱਖਿਆ ਤੇ ਅਰਥਚਾਰੇ ਨੂੰ ਨੁਕਸਾਨ ਪੁੱਜ ਸਕਦਾ ਹੈ।”
|