|
ਸ਼ਹੀਦ ਊਧਮ ਸਿੰਘ ਤੇ ਉਸ ਦੀ ਵਿਚਾਰਧਾਰਾ |
|
Monday, 21 January 2008 |
ਅੱਜ ਜਨਮ ਦਿਹਾੜੇ ‘ਤੇ ਵਿਸ਼ੇਸ਼
ਜੋ ਖੂਨ ਜਲ੍ਹਿਆਂਵਾਲੇ ਬਾਗ ਅੰਦਰ ਵਿਸਾਖੀ ਵਾਲੇ ਦਿਨ ਸੰਨ 1919 ਵਿੱਚ ਡੁੱਲ੍ਹਿਆ ਸੀ ਉਹ ਖੂਨ ਤਾ ਪੂਰੀ ਪੰਜਾਬੀਅਤ ਦਾ ਸੀ ਤੇ ਇਹ ਧਰਤੀ ਉਸ ਸੂਰਬੀਰ ਊਧਮ ਸਿੰਘ ਦੀ ਹੈ ਜਿਸ ਨੇ ਕਦੇ ਆਪਣਾ ਨਾਂਅ ਰਾਮ, ਮੁਹੰਮਦ ਸਿੰਘ ਆਜਾਦ ਰੱਖਿਆ ਸੀ। ਆਪਣੇ ਕੌਮੀ ਅਪਮਾਨ ਦਾ ਬਦਲਾ ਉਸ ਨੇ ਆਪਣੀ ਕੁਰਬਾਨੀ ਦੇ ਕੇ ਲਿਆ ਜਿਸ ਕਰਕੇ ਅੱਜ ਉਸ ਦਾ ਨਾਉਂ ਪੂਰੀ ਦੁਨੀਆ ਅੰਦਰ ਲਿਆ ਜਾਂਦਾ ਹੈ। ਸ਼ਹੀਦ ਊਧਮ ਸਿੰਘ ਦੇ ਇਸ ਕਾਰਨਾਮੇ ਨੇ ਅੰਗਰੇਜੀ ਸਾਮਰਾਜੀਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਉਨ੍ਹਾ ਦੇ ਦਿਨ ਭਾਰਤ ਅੰਦਰ ਰਾਜ ਕਰਨ ਦੇ ਲੱਦ ਚੁੱਕੇ ਹਨ।
ਇਸ ਮਹਾਨ ਸ਼ਹੀਦ ਦਾ ਜਨਮ 26 ਦਸੰਬਰ 1898 ਨੂੰ ਕਸਬਾ ਸੁਨਾਮ, ਜਿਲ੍ਹਾ ਸੰਗਰੂਰ (ਪੰਜਾਬ) ਅੰਦਰ ਇੱਕ ਅਤਿ ਗਰੀਬ ਟੱਬਰ ਅੰਦਰ ਹੋਇਆ। ਛੋਟੀ ਉਮਰੇ ਊਧਮ ਸਿੰਘ ਦੇ ਸਿਰ ਤੋਂ ਮਾ-ਬਾਪ ਦਾ ਹੱਥ ੳੁੱਠ ਗਿਆ। ਪਿੱਛੇ ਦੇਖਭਾਲ ਕਰਨ ਵਾਲਾ ਕੋਈ ਨਾ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਇੱਕ ਯਤੀਮਖਾਨੇ ਅੰਦਰ ਜਾ ਕੇ ਰਹਿਣ ਨੂੰ ਮਜਬੂਰ ਹੋਣਾ ਪਿਆ। 1919 ਵਿੱਚ ਕਾਂਗਰਸ ਦਾ ਇਜਲਾਸ ਅੰਮ੍ਰਿਤਸਰ ਅੰਦਰ ਕਰਨ ਦਾ ਫੈਸਲਾ ਲਿਆ ਗਿਆ ਜਿਸ ਦੀ ਸਭ ਕਾਸੇ ਦੀ ਜਿੰਮੇਵਾਰੀ ਡਾ.ਕਿਚਲੂ ਤੇ ਸਤਪਾਲ ਦੀ ਲਗਾਈ ਗਈ ਪਰ ਉਨ੍ਹਾ ਨੂੰ ਪਹਿਲਾਂ ਹੀ ਜੇਲ੍ਹ ਅੰਦਰ ਬੰਦ ਕਰ ਦਿੱਤਾ ਗਿਆ। ਇਸ ਇਜਲਾਸ ਵਿੱਚ ਭਾਗ ਲੈਣ ਲਈ ਮਹਾਤਮਾ ਗਾਂਧੀ ਨੇ ਅੰਮ੍ਰਿਤਸਰ ਵੱਲ ਨੂੰ ਰੇਲਗੱਡੀ ਦੇ ਰਸਤੇ ਚਾਲੇ ਪਾ ਦਿਤੇ ਪਰ ਉਨ੍ਹਾ ਨੂੰ ਰਸਤੇ ਵਿੱਚ ਹੀ ਰੋਕ ਕੇ ਵਾਪਸ ਭੇਜ ਦਿੱਤਾ ਗਿਆ। ਪੰਜਾਬ ਅੰਦਰ ਮਾਰਸ਼ਲ ਲਾਅ ਲਗਾ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿੱਚ ਇੱਕ ਸਭਾ ਜਲ੍ਹਿਆਂਵਾਲੇ ਬਾਗ ਅੰਦਰ ਕਰਨ ਦਾ ਫੈਸਲਾ ਲਿਆ ਗਿਆ। ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲੇ ਬਾਗ ਅੰਦਰ ਸਭਾ ਵਿੱਚ ਭਾਗ ਲੈਣ ਲਈ ਕੋਈ 20 ਹਜਾਰ ਦੇ ਕਰੀਬ ਮਰਦਾਂ-ਔਰਤਾ, ਬੱਚੇ ਤੇ ਬੁੱਢੇ ਸ਼ਾਮਲ ਹੋਣ ਲਈ ਇਕੱਤਰ ਹੋਏ ਜਿਸ ਸਮੇਂ ਸਭਾ ਦੀ ਕਾਰਵਾਈ ਸ਼ਾਤੀਪੂਰਵਕ ਢੰਗ ਨਾਲ ਚੱਲ ਰਹੀ ਸੀ ਤਾ ਉਥੇ ਜਨਰਲ ਮਾਈਕਲ ਅਡਵਾਇਰ ਵੱਡੀ ਗਿਣਤੀ ਵਿੱਚ ਫੋਰਸ ਲੈ ਕੇ ਆਇਆ। ਉਸ ਨੇ ਜਲ੍ਹਿਆਂਵਾਲੇ ਬਾਗ ਅੰਦਰ ਜਾਣ ਵਾਲੇ ਰਸਤੇ ਨੂੰ ਘੇਰ ਕੇ ਬਿਨ੍ਹਾ ਨੋਟਿਸ ਦਿੱਤੇ ਸਭਾ ਅੰਦਰ ਹਾਜਰ ਹਜੂਮ ‘ਤੇ ਗੋਲੀ ਵਰ੍ਹਾਉਣ ਦਾ ਹੁਕਮ ਦੇ ਦਿੱਤਾ, ਜਿਸ ਦੇ ਫਲਸਰੂਪ ਕੋਈ ਮੌਕੇ ‘ਤੇ ਹੀ 800 ਤੋਂ ਵੱਧ ਲੋਕ ਮਾਰੇ ਗਏ, ਸੈਂਕੜੇ ਬੁਰੀ ਤਰ੍ਹਾਂ ਜਖਮੀ ਹੋ ਗਏ। ਇਹ ਸਭ ਕੁਝ ਉਸ ਨੇ ਆਪਣੀ ਅੱਖੀਂ ਦੇਖਿਆ ਤੇ ਇਹ ਪ੍ਰਣ ਲਿਆ ਕਿ ਉਹ ਇੱਕ ਦਿਨ ਇਸ ਦਾ ਬਦਲਾ ਜਰੂਰ ਲੈ ਕੇ ਰਹੇਗਾ।
|